ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਨੂੰ ਕੇਂਦਰ ਸਰਕਾਰ ਦੁਆਰਾ ਲਿਆਂਦੇ ਖੇਤੀ ਬਿੱਲ ਵਿਰੋਧੀ ਧੀਰਾਂ ਦੇ ਹੰਗਾਮੇ ਵਿਚਾਲੇ ਰਾਜਸਭਾ ਵਿਚ ਪਾਸ ਕਰ ਦਿੱਤੇ ਗਏ ਹਨ। ਲੋਕਸਭਾ ਵਿਚ ਇਨ੍ਹਾਂ ਬਿੱਲਾਂ ਨੂੰ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਿਆ ਹੈ। ਉੱਥੇ ਹੀ ਪੰਜਾਬ ਵਿਚ ਵੱਖ-ਵੱਖ ਥਾਵਾਂ ਉੱਤੇ ਕਿਸਾਨਾਂ ਜੱਥੇਬੰਦੀਆਂ ਦੁਆਰਾ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਦੇ ਪੁੱਤਲੇ ਸਾੜੇ ਗਏ ਹਨ।

ਇਹ ਤਸਵੀਰਾਂ ਬਰਨਾਲਾ ਦੀਆਂ ਹਨ, ਜਿੱਥੇ ਕਿਸਾਨਾਂ ਨੇ ਖੇਤੀ ਆਰਡੀਨੈਂਸਾਂ ਦੀਆਂ ਕਾਪੀਆਂ ਅਤੇ ਪੀਐਮ ਮੋਦੀ ਦਾ ਪੁੱਤਲਾ ਫੁੱਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ।

ਰੂਪਨਗਰ ਵਿਚ ਵੀ ਵੱਖ-ਵੱਖ ਕਿਸਾਨ ਯੂਨੀਅਨਾਂ ਅਤੇ ਆੜਤੀਆਂ ਨੇ ਅਨਾਜ ਮੰਡੀ ਰੂਪਨਗਰ ਵਿਖੇ ਕੇਂਦਰ ਸਰਕਾਰ ਖਿਲਾਫ ਬਿੱਲ ਦੇ ਵਿਰੋਧ ਵਿਚ ਤਿੱਖਾ ਰੋਸ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਦਾ ਪੁੱਤਲਾ ਫੁੱਕ ਕੇ ਆਪਣੀ ਭੜਾਸ ਕੱਢੀ ਹੈ। ਕਿਸਾਨ ਜੱਥੇਬੰਦੀਆਂ ਨੇ 25 ਸਤੰਬਰ ਨੂੰ ਪੰਜਾਬ ਬੰਦ ਰੱਖਣ ਦਾ ਵੀ ਫੈਸਲਾ ਕੀਤਾ ਹੈ।

ਸਮਰਾਲਾ ਵਿਚ ਵੀ ਖੇਤੀ ਬਿੱਲਾਂ ਵਿਰੁੱਧ ਕਿਸਾਨ ਯੂਨੀਅਨ ਵੱਲੋਂ ਬਲਵੀਰ ਸਿੰਘ ਰਾਜੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਵਿਚ ਬਿੱਲ ਦੀਆਂ ਕਾਪੀਆਂ ਅਤੇ ਪੀਐਮ ਮੋਦੀ ਦਾ ਪੁੱਤਲਾ ਫੁੱਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਕਿਹਾ ਗਿਆ ਕਿ 25 ਤਰੀਕ ਨੂੰ ਹਰਿਆਣਾ ਅਤੇ ਪੰਜਾਬ ਪੂਰਨ ਤੌਰ ਉੱਤੇ ਬੰਦ ਕੀਤਾ ਜਾਵੇਗਾ, ਨਾਲ ਹੀ ਰੇਲਾ ਰੋਕੀਆਂ ਜਾਣਗੀਆਂ। ਕਿਸਾਨ ਜੱਥੇਬੰਦੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਪਿੰਡ-ਪਿੰਡ ਕੰਧਾਂ ਉੱਤੇ ਨਾਅਰੇ ਲਿਖੇ ਜਾਣਗੇ ”ਜਿਹੜਾ ਕਿਸਾਨਾਂ ਨਾਲ ਖੜੂ, ਉਹੀ ਪਿੰਡਾਂ ਵਿਚ ਵੜੂ”।

ਨਾਭਾ ਵਿਚ ਵੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਨਵੀਂ ਅਨਾਜ ਮੰਡੀ ਵਿਖੇ ਖੇਤੀ ਬਿੱਲਾਂ ਵਿਰੁੱਧ ਰੋਸ ਜ਼ਾਹਰ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਕਿਸਾਨਾਂ ਵੱਲੋਂ ਵਪਾਰਕ ਅਤੇ ਮਜ਼ਦੂਰ ਜੱਥੇਬੰਦੀਆਂ ਨੂੰ 25 ਸਤੰਬਰ ਦੇ ਪੰਜਾਬ ਬੰਦ ਦੇ ਸਮੱਰਥਨ ਵਿਚ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।

ਬਠਿੰਡਾ ਵਿਚ ਵੀ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਪੀਐਮ ਮੋਦੀ ਦਾ ਪੁਤਲਾ ਫੁੱਕਿਆ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ।

ਮੁਕਤਸਰ ਸਾਹਿਬ ਦੇ ਪਿੰਡ ਗੁਰਸਰ ਵਿਚ ਵੀ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਪੁੱਤਲਾ ਜਲਾਇਆ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ ਅਤੇ ਕਿਸਾਨਾਂ ਇਨ੍ਹਾਂ ਨੂੰ ਕਦੇ ਲਾਗੂ ਨਹੀਂ ਹੋਣ ਦੇਣਗੇ।

LEAVE A REPLY