ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਹਿਬਲ ਕਲਾ ਗੋਲੀਕਾਂਡ ਨਾਲ ਜੁੜੀ ਦੋ ਪਟੀਸ਼ਨਾਂ ਉੱਤੇ ਅੱਜ ਮੰਗਲਵਾਰ ਨੂੰ ਫਰੀਦਕੋਟ ਦੀ ਸੈਸ਼ਨ ਕੋਰਟ ਨੇ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਦਰਅਸਲ ਪਹਿਲੀ ਪਟੀਸ਼ਨ ਵਿਚ ਕੋਰਟ ਨੇ ਵਿਸ਼ੇਸ਼ ਜਾਂਚ ਟੀਮ(ਐਸਆਈਟੀ) ਨੂੰ ਬਹਿਬਲ ਕਲਾ ਗੋਲੀਕਾਂਡ ਦੇ ਨਾਮਜ਼ਦ ਆਰੋਪੀ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮਾਫ ਗੁਆਹ ਬਣਾਉਣ ਦੀ ਮੰਜ਼ੂਰੀ ਦੇ ਦਿੱਤੀ ਹੈ।

ਦੱਸ ਦਈਏ ਕਿ ਕੋਰਟ ਨੇ 10 ਸਤੰਬਰ ਨੂੰ ਇਸ ਪਟੀਸ਼ਨ ਉੱਤੇ ਸੁਣਵਾਈ ਕੀਤੀ ਸੀ। ਦੋਵਾਂ ਧੀਰਾਂ ਦਾ ਪੱਖ ਸੁਣਨ ਮਗਰੋ ਅਦਾਲਤ ਨੇ ਆਪਣਾ ਫੈਸਲਾ 15 ਸਤੰਬਰ ਤੱਕ ਸੁਰੱਖਿਅਤ ਰੱਖ ਲਿਆ ਸੀ ਅਤੇ ਅੱਜ ਕੋਰਟ ਨੇ ਇਸ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਐਸਆਈਟੀ ਦੀ ਅਰਜੀ ਮੰਜ਼ੂਰ ਕਰ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮੁਆਫ ਗਵਾਹ ਬਣਨ ਦੀ ਆਗਿਆ ਦੇ ਦਿੱਤੀ ਹੈ।

ਉੱਥੇ ਹੀ ਦੂਜੀ ਪਟੀਸ਼ਨ ਅਦਾਲਤ ਦੁਆਰਾ ਖਾਰਜ਼ ਕਰ ਦਿੱਤੀ ਗਈ ਹੈ ਜੋ ਕਿ ਇਸ ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਭਰਾ ਰੇਸ਼ਮ ਸਿੰਘ ਨੇ ਦਾਖਲ ਕੀਤੀ ਸੀ ਜਿਸ ਵਿਚ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਇਸ ਮਾਮਲੇ ਵਿਚ ਵਾਅਦਾ ਮਾਫ ਗਵਾਹ ਬਣਾਉਣ ਦਾ ਵਿਰੋਧ ਕੀਤਾ ਗਿਆ ਸੀ ਪਰ ਕੋਰਟ ਨੇ ਇਹ ਪਟੀਸ਼ਨ ਅਸਵੀਕਾਰ ਕੀਤੀ ਹੈ। ਦੱਸ ਦਈਏ ਕਿ ਪ੍ਰਦੀਪ ਸਿੰਘ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਦਾ ਰੀਡਰ ਰਿਹਾ ਹੈ ।

ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਹਿਬਲ ਕਲਾਂ ਵਿਚ ਸਿੱਖਾਂ ਦੁਆਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਇਸੇ ਦੌਰਾਨ ਹੋਈ ਝੜਪ ਵਿਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ।

 

LEAVE A REPLY