ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਦੇਸ਼ ਭਰ ਵਿਚ ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਈਦ ਭਲਕੇ ਸੋਮਵਾਰ ਨੂੰ ਮਨਾਇਆ ਜਾਵੇਗਾ ਪਰ ਕੇਰਲ ਅਤੇ ਜੰਮੂ ਕਸ਼ਮੀਰ ਵਿਚ ਇਸ ਤਿਉਹਾਰ ਨੂੰ ਅੱਜ ਐਤਵਾਰ ਨੂੰ ਹੀ ਮਨਾਇਆ ਜਾ ਰਿਹਾ ਹੈ। ਲਾਕਡਾਊਨ ਕਰਕੇ ਮਸਜਿਦਾਂ ਬੰਦ ਪਈਆਂ ਹਨ। ਇਸ ਲਈ ਲੋਕ ਆਪਣੇ ਘਰਾਂ ਵਿਚ ਹੀ ਨਮਾਜ਼ ਅਦਾ ਕਰਕੇ ਇਸ ਪਾਕ ਤਿਉਹਾਰ ਨੂੰ ਮਨਾ ਰਹੇ ਹਨ।

ਦਰਅਸਲ ਦੁਨੀਆ ਵਿਚ ਚੰਦ ਦਿੱਖਣ ਦਾ ਸਮਾਂ ਵੱਖਰਾ-ਵੱਖਰਾ ਹੁੰਦਾ ਹੈ ਇਸ ਲਈ ਈਦ ਮਨਾਉਣ ਦੀਆਂ ਤਰੀਕਾਂ ਵੀ ਉੱਪਰ ਨੀਚੇ ਹੁੰਦੀਆਂ ਹਨ। ਜੰਮੂ ਕਸ਼ਮੀਰ ਅਤੇ ਕੇਰਲ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਅੱਜ ਇਸ ਨੂੰ ਤਿਉਹਾਰ ਮਨਾ ਰਹੇ ਹਨ। ਉੱਥੇ ਹੀ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਈਦ ਦੇ ਮੌਕੇ ਉੱਤੇ ਘਾਟੀ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਮੀਦ ਜਤਾਈ ਹੈ ਕਿ ਇਹ ਤਿਉਹਾਰ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ-ਨਾਲ ਪੁਲਿਸ, ਉਨ੍ਹਾਂ ਦੇ ਪਰਿਵਾਰ ਅਤੇ ਸ਼ਹੀਦਾਂ ਦੇ ਪਰਿਵਾਰ ਲਈ ਖੁਸ਼ੀਆਂ ਲੈ ਕੇ ਆਵੇਗਾ। ਉਨ੍ਹਾਂ ਨੇ ਈਦ ਦੇ ਤਿਉਹਾਰ ਨੂੰ ਜੰਮੂ ਕਸ਼ਮੀਰ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਮਨਾਉਣ ਦੀ ਕਾਮਨਾ ਕੀਤੀ ਹੈ। ਜੰਮੂ ਕਸ਼ਮੀਰ ਵਿਚ ਕੋਰੋਨਾ ਕਾਰਨ ਲਾਕਡਾਊਨ ਹੈ ਜਿਸ ਕਰਕੇ ਪ੍ਰਸ਼ਾਸਨ ਦੇ ਹੁਕਮਾਂ ‘ਤੇ ਮਸਜਿਦਾਂ ਬੰਦ ਹਨ ਅਤੇ ਲੋਕ ਘਰਾਂ ਵਿਚ ਹੀ ਨਮਾਜ਼ ਅਦਾ ਕਰ ਰਹੇ ਹਨ। ਇਸ ਤਰ੍ਹਾ ਕੇਰਲ ਵਿਚ ਵੀ ਅੱਜ ਹੀ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇੱਥੇ ਵੀ ਲੋਕ ਸਰਕਾਰੀ ਹੁਕਮਾਂ ਦਾ ਪਾਲਣ ਕਰਦੇ ਹੋਏ ਘਰਾਂ ਵਿਚ ਹੀ ਨਮਾਜ਼ ਅਦਾ ਕਰ ਰਹੇ ਹਨ।

ਦੱਸ ਦਈਏ ਕਿ ਦੇਸ਼ ਭਰ ਦੇ ਬਾਕੀ ਹਿੱਸਿਆਂ ਵਿਚ ਈਦ ਉਲ ਫੀਤਰ ਦਾ ਤਿਉਹਾਰ ਕੱਲ੍ਹ ਸੋਮਵਾਰ ਨੂੰ ਮਨਾਇਆ ਜਾਵੇਗਾ। ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਹਿਮਦ ਬੁਖਾਰੀ ਅਤੇ ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੁਫਤੀ ਮੁਕਰਰਮ ਨੇ ਸ਼ਨਿਵਾਰ ਦੇਰ ਸ਼ਾਮ ਐਲਾਨ ਕੀਤਾ ਹੈ ਚੰਦ ਨਾ ਦਿੱਖਣ ਕਰਕੇ ਈਦ-ਉਲ-ਫੀਤਰ ਸੋਮਵਾਰ ਨੂੰ ਹੋਵੇਗਾ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ।

LEAVE A REPLY