ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮੋਦੀ ਸਰਕਾਰ ਦੁਆਰਾ ਪਿਛਲੇ ਦਿਨਾਂ ਵਿਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿਚ ਵਾਧਾ ਕੀਤੇ ਜਾਣ ਉੱਤੇ ਰੋਕ ਲਗਾਉਣ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਆਗੂ ਡਾਕਟਰ ਮਨਮੋਹਨ ਸਿੰਘ ਨੇ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਦੁਆਰਾ ਕੇਂਦਰੀ ਕਰਮਚਾਰੀਆਂ ਅਤੇ ਸੈਨਿਕਾਂ ਦੇ ਲਈ ਇਸ ਤਰ੍ਹਾ ਮੁਸ਼ਕਿਲ ਪੈਦਾ ਕਰਨਾ ਸਹੀ ਨਹੀਂ ਹੈ।

ਜਾਣਕਾਰੀ ਅਨੁਸਾਰ ਕਾਂਗਰਸ ਦੁਆਰਾ ਜਾਰੀ ਪਾਰਟੀ ਦੇ ਸਲਾਹਕਾਰ ਸਮੂਹ ਦੀ ਮੀਟਿੰਗ ਦੇ ਵੀਡੀਓ ਅਨੁਸਾਰ ਮਨਮੋਹਨ ਸਿੰਘ ਨੇ ਕੇਂਦਰ ਸਰਕਾਰ ਦੇ ਇਸ ਕਦਮ ਤੋਂ ਬਾਅਦ ਕਿਹਾ ਹੈ ਕਿ ਸਾਨੂੰ ਉਨ੍ਹਾਂ ਲੋਕਾਂ ਦੇ ਨਾਲ ਖੜ੍ਹਾ ਹੋਣਾ ਹੈ ਜਿਨ੍ਹਾਂ ਦੇ ਭੱਤੇ ਕੱਟੇ ਜਾ ਰਹੇ ਹਨ। ਮੇਰਾ ਮੰਨਣਾ ਹੈ ਕਿ ਇਸ ਵੇਲੇ ਸਰਕਾਰੀ ਕਰਮਚਾਰੀਆਂ ਅਤੇ ਹਥਿਆਰਬੰਦ ਬਲਾਂ ਦੇ ਲੋਕਾਂ ਲਈ ਮੁਸ਼ਕਿਲ ਪੈਦਾ ਕਰਨ ਦੀ ਜ਼ਰੂਰਤ ਨਹੀਂ ਸੀ। ਮਨਮੋਹਨ ਸਿੰਘ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਇਸ ਵੇਲੇ ਇਨ੍ਹਾਂ ਸਰਕਾਰੀ ਕਰਮਚਾਰੀਆਂ ਅਤੇ ਸੈਨਿਕਾਂ ਦੇ ਨਾਲ ਖੜ੍ਹੇ ਰਹਿਣਾ ਹੈ। ਮਨਮੋਹਨ ਸਿੰਘ ਹਾਲ ‘ਚ ਹੀ ਗਠਿਤ ਹੋਏ ਕਾਂਗਰਸ ਸਲਾਹਕਾਰ ਸਮੂਹ ਦੇ ਪ੍ਰਧਾਨ ਹਨ। ਇਸ ਸਮੂਹ ਦੀ ਬੈਠਕ ਇਕ ਦਿਨ ਦੇ ਅੰਤਰਾਲ ‘ਤੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਰਾਹੀਂ ਹੁੰਦੀ ਹੈ। ਉੱਥੇ ਹੀ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਵੀ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਨਾ ਠਹਿਰਾਉਂਦਿਆਂ ਕਿਹਾ ਹੈ ਕਿ ਸਰਕਾਰ ਨੂੰ ਕਰਮਚਾਰੀਆਂ ਦੇ ਭੱਤੇ ਘੱਟ ਕਰਨ ਦੀ ਥਾਂ ਸਰਕਾਰ ਦੀ ਸੈਂਟਰਲ ਵਿਸਟਾ ਪ੍ਰੋਜੈਕਟ ਅਤੇ ਦੂਜੇ ਗੈਰ-ਜ਼ਰੂਰੀ ਖਰਚੇ ਰੋਕਣੇ ਚਾਹੀਦੇ ਹਨ। ਦੱਸ ਦਈਏ ਕਿ ਬੀਤੇ ਵੀਰਵਾਰ ਨੂੰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਆਪਣੇ 1.13 ਕਰੋੜ ਕਰਮਚਾਰੀਆਂ ਅਤੇ ਪੈਨਸ਼ਨਧਾਰਕਾਂ ਦੇ ਮਹਿੰਗਾਈ ਭੱਤੇ ਨੂੰ ਜੁਲਾਈ 2021 ਤੱਕ ਵਧਾਉਣ ਉੱਤੇ ਰੋਕ ਲਗਾ ਦਿੱਤੀ ਹੈ।

 

LEAVE A REPLY