ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਿੱਲੀ ਹਿੰਸਾ ਵਿਚ ਹੁਣ ਤੱਕ 25 ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ ਜਦਕਿ 200 ਤੋਂ ਵੱਧ ਲੋਕ ਜਖਮੀ ਹਨ। ਦਿੱਲੀ ਵਿਚ ਵਿਗੜੇ ਹਲਾਤਾਂ ਉੱਥੇ ਰਾਜਧਾਨੀ ਦੀ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਹਿੰਸਕ ਘਟਨਾਵਾਂ ਉੱਤੇ ਕਾਬੂ ਪਾ ਲਿਆ ਹੈ ਅਤੇ ਹਿੰਸਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਦਿੱਲੀ ਪੁਲਿਸ ਦੇ ਪੀਆਰਓ ਡੀਸੀਪੀ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਿੰਸਾ ਮਚਾਉਣ ਵਾਲੇ 106 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਜਦਕਿ 18 ਉੱਤੇ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਹਿੰਸਾ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਭਾਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਵੀ ਹਿੰਸਾ ਕਰਨ ਵਾਲੇ ਲੋਕਾਂ ਵਿਰੁੱਧ ਐਕਸ਼ਨ ਲਿਆ ਜਾ ਰਿਹਾ ਹੈ ਨਾਲ ਹੀ ਡ੍ਰੋਨ ਰਾਹੀਂ ਵੀ ਹਰ ਸਥਿਤੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ।

Photo ANI

ਡੀਸੀਪੀ ਰੰਧਾਵਾ ਨੇ ਆਮ ਲੋਕਾਂ ਦੇ ਲਈ ਮਦਦ ਵਾਸਤੇ ਇਕ ਹੈਲਪਲਾਇਨ ਨੰਬਰ ਵੀ ਜਾਰੀ ਕੀਤਾ ਹੈ। ਜੋ ਕਿ 011-22829335 ਅਤੇ 011-22829334 ਹੈ। ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾ ਦੀ ਅਫਵਾਹ ਉੱਤੇ ਧਿਆਨ ਨਾ ਦੇਣ ਅਤੇ ਕੋਈ ਵੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਉੱਤੇ ਪੁਲਿਸ ਨਾਲ ਸੰਪਰਕ ਕਰਨ। ਡੀਸੀਪੀ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਹਿੰਸਾ ਉੱਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਥਿਤੀ ਨੂੰ ਕੰਟਰੋਲ ਵਿਚ ਕਰ ਲਿਆ ਗਿਆ ਹੈ ਨਾਲ ਹੀ ਹਿੰਸਾ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਡੀਸੀਪੀ ਦਾ ਰੰਧਾਵਾ ਦਾ ਕਹਿਣਾ ਸੀ ਕਿ ਅੱਜ ਕੋਈ ਵੀ ਕੋਝੀ ਘਟਨਾ ਨਹੀਂ ਵਾਪਰੀ ਹੈ।

ਦੱਸ ਦਈਏ ਕਿ ਦਿੱਲੀ ਹਿੰਸਾ ਵਿਚ ਦਿੱਲੀ ਪੁਲਿਸ ਦਾ ਇਕ ਜਵਾਨ ਰਤਨ ਲਾਲ ਸ਼ਹੀਦ ਹੋ ਗਿਆ ਸੀ ਜਦਕਿ ਇਕ ਡੀਐਸਪੀ ਸਮੇਤ ਕਈ ਪੁਲਿਸ ਕਰਮਚਾਰੀ ਜਖਮੀ ਹੋ ਗਏ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਸਮੱਰਥਨ ਅਤੇ ਵਿਰੋਧ ਵਿਚ ਸ਼ੁਰੂ ਹੋਏ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ ਸੀ। ਇਸ ਹਿੰਸਾ ਵਿਚ ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।

LEAVE A REPLY