ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਹੁਣ ਦਿੱਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਸਰਕਾਰ ਦੇ ਅਧੀਨ ਆਉਣ ਵਾਲੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿਚ ਆਖਰੀ ਸਮੈਸਟ ਦੇ ਇਮਤਿਹਾਨ ਵੀ ਸ਼ਾਮਲ ਹਨ। ਵੱਡੀ ਗੱਲ ਇਹ ਹੈ ਕਿ ਕੇਜਰੀਵਾਲ ਸਰਕਾਰ ਨੇ ਇਹ ਫੈਸਲਾ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਦੇ ਨਵੇਂ-ਦਿਸ਼ਾ ਨਿਰਦੇਸ਼ ਆਉਣ ਮਗਰੋਂ ਲਿਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਆਖਰੀ ਸਮੈਸਟਰ ਦੇ ਇਮਤਿਹਾਨ ਸਤੰਬਰ ਦੇ ਅਖੀਰ ਤੱਕ ਲੈਣੇ ਜਰੂਰੀ ਹੈ।

ਪ੍ਰੀਖਿਆ ਰੱਦ ਕਰਨ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਸਾਰੀਆਂ ਯੂਨੀਵਰਸਿਟੀਆਂ ਨੂੰ ਅੰਤਿਮ ਪ੍ਰੀਖਿਆ ਰੱਦ ਕਰਨ ਅਤੇ ਵਿਦਿਆਰਥੀਆਂ ਦੇ ਮੁਲਾਂਕਣ ਦਾ ਕੋਈ ਪੈਮਾਨਾ ਤਿਆਰ ਕਰਕੇ ਜਲਦੀ ਤੋਂ ਜਲਦੀ ਡਿਗਰੀ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਸਿਸੋਦੀਆ ਮੁਤਾਬਕ ਪ੍ਰੀਖਿਆ ਲੈਣਾ ਅਤੇ ਡਿਗਰੀ ਨਾ ਦੇਣਾ ਬੇਇਨਸਾਫੀ ਹੋਵੇਗਾ। ਇਸ ਲਈ ਇਹ ਫੈਸਲਾ ਸਟੇਟ ਯੂਨੀਵਰਸਿਟੀਆਂ ਲਈ ਲਿਆ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀਐਮ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖੇ ਕਿ ਕੇਂਦਰ ਅਧੀਨ ਆਉਂਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਵੀ ਪ੍ਰੀਖਿਆਵਾਂ ਰੱਦ ਕਰਨ ਦੀ ਬੇਨਤੀ ਕੀਤੀ ਹੈ। ਸਿਸੋਦੀਆ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰੀਖਿਆਵਾਂ ਉੱਤੇ ਫੈਸਲਾ ਲੈਣ ਦਾ ਮਾਮਲਾ ਕਾਫੀ ਪੇਚੀਂਦਾ ਸੀ ਜਿਸ ਸਮੈਸਟਰ ਦੀ ਪ੍ਰੀਖਿਆਵਾਂ ਲੈਣੀਆਂ ਹਨ, ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ਕਰਕੇ ਉਸਦੀ ਪੜਾਈ ਨਹੀਂ ਹੋ ਸਕੀ ਹੈ। ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਜਿਸ ਸਮੈਸਟਰ ਦੀ ਪੜਾਈ ਹੀ ਨਹੀਂ ਹੋਈ ਉਸਦੇ ਇਮਤਿਹਾਨ ਲੈਣਾ ਮੁਸ਼ਕਿਲ ਹੈ।

ਦੱਸ ਦਈਏ ਕਿ 6 ਜੂਨ ਨੂੰ ਯੂਜੀਸੀ ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਹੋਣ ਤੋਂ ਪਹਿਲਾਂ ਪੰਜਾਬ, ਹਰਿਆਣਾ, ਮਹਾਰਾਸ਼ਟਰ, ਉੜੀਸਾ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ ਸਰਕਾਰ ਵੀ ਆਪਣੇ ਅਧੀਨ ਆਉਂਦੀਆਂ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।

LEAVE A REPLY