ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਭਰ ਦੇ ਕਈ ਦੇਸ਼ਾਂ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ। ਪੂਰੇ ਵਿਸ਼ਵ ਵਿਚ ਇਸ ਵਾਇਰਸ ਦੀ ਲਾਗ ਲਗਭਗ 65 ਹਜ਼ਾਰ ਲੋਕਾਂ ਨੂੰ ਲੱਗ ਚੁੱਕੀ ਹੈ ਜਦਕਿ 1400 ਲੋਕ ਇਸ ਨਾਲ ਆਪਣੀ ਜਾਨ ਗੁਵਾ ਚੁੱਕੇ ਹਨ। ਜੇਕਰ ਚੀਨ ਦੀ ਗੱਲ ਕਰੀਏ ਤਾਂ ਹੁਣ ਤੱਕ ਕੋਰੋਨਾ ਵਾਇਰਸ ਨਾਲ 1367 ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋਏ ਹਨ ਅਤੇ 60 ਹਜ਼ਾਰ ਦੇ ਲਗਭਗ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਕੋਰੋਨਾ ਵਾਇਰਸ ਤੋਂ ਬੱਚਣ ਲਈ ਚੀਨ ਵਿਚ ਮਾਸਕ ਅਤੇ ਦੂਜੇ ਕੱਪੜੇ ਕੇਵਲ ਇਨਸਾਨ ਹੀ ਨਹੀਂ ਪਹਿਣ ਰਹੇ ਬਲਕਿ ਇਨ੍ਹਾਂ ਕੱਪੜਿਆਂ ਅਤੇ ਮਾਸਕਾਂ ਨੂੰ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਪਹਿਣਾ ਰਹੇ ਹਨ।

ਮਾਸਕ ਪਹਿਣੇ ਹੋਏ ਕੁੱਤੇ ਅਤੇ ਬਿੱਲੀਆਂ ਦੀਆਂ ਫੋਟੋਆ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਮਾਸਕ ਅਤੇ ਦੂਜੇ ਕੱਪੜੇ ਪਹਿਣਾ ਕੇ ਬਾਹਰ ਟਹਿਲਣ ਜਾ ਰਹੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਜਾਨਵਰਾਂ ਰਾਹੀਂ ਹੀ ਲੋਕਾਂ ਵਿਚ ਫੈਲ ਰਿਹਾ ਹੈ ਇਸ ਲਈ ਲੋਕ ਆਪਣੇ ਜਾਨਵਰਾਂ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਤਰੀਕੇ ਅਪਨਾ ਰਹੇ ਹਨ ਪਰ ਪਿਛਲੀ ਦਿਨੀਂ ਕੋਰੋਨਾ ਵਾਇਰਸ ਕਾਰਨ ਲੋਕਾਂ ਦੁਆਰਾ ਆਪਣੇ ਪਾਲਤੂ ਜਾਨਵਰਾਂ ਨੂੰ ਮਾਰ ਕੇ ਫੈਂਕਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਪਰ ਪੂਰੀ ਤਰ੍ਹਾਂ ਜਾਗਰੂਕ ਹੋਣ ਜਾਣ ਉੱਤੇ ਲੋਕਾਂ ਨੇ ਅਜਿਹਾ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਚੀਨ ਦੇ ਲੋਕਾਂ ਦੁਆਰਾ ਪਸ਼ੂਆਂ ਲਈ ਉਠਾਏ ਜਾ ਰਹੇ ਇਨ੍ਹਾਂ ਕਦਮਾਂ ਦੀ ਸ਼ਲਾਘਾ ਦੁਨੀਆ ਭਰ ਵਿਚ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਇੰਨੀ ਵੱਡੀ ਮੁਸਿਬਤ ਪੈਣ ‘ਤੇ ਵੀ ਇਨਸਾਨੀਅਤ ਨੂੰ ਭੁੱਲੇ ਨਹੀਂ ਹਨ।

ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਚੀਨ ਵਿਚ ਇਸ ਕਦਰ ਫੈਲ ਗਿਆ ਹੈ ਕਿ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਸਨਾਟਾ ਛਾਇਆ ਹੋਇਆ ਹੈ। ਬਜ਼ਾਰਾਂ ਵਿਚੋਂ ਰੋਣਕ ਗੁੰਮ ਪਈ ਹੈ। ਸੜਕਾਂ ਉੱਤੇ ਇਕਾ-ਦੁਕਾ ਲੋਕ ਹੀ ਦਿਖਾਈ ਦਿੰਦੇ ਹਨ ਅਤੇ ਹਸਪਤਾਲਾਂ ਵਿਚ ਮੈਡੀਕਲ ਉਪਕਰਨਾਂ ਦੀ ਭਾਰੀ ਕਮੀ ਹੋ ਗਈ ਹੈ।

LEAVE A REPLY