ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨ ਖੇਤੀ ਬਿੱਲ ਲੋਕਸਭਾ ਤੋਂ ਬਾਅਦ ਰਾਜਸਭਾ ਵਿਚ ਹੰਗਾਮ ਵਿਚਾਲੇ ਪਾਸ ਹੋ ਗਏ ਹਨ। ਇਨ੍ਹਾਂ ਬਿੱਲਾਂ ਦਾ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਦੁਆਰਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਕਿਸਾਨ ਇਨ੍ਹਾਂ ਬਿੱਲਾਂ ਨੂੰ ਕਿਸਾਨ ਮਾਰੂ ਦੱਸ ਕੇ ਹਰ ਦਿਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਅੱਜ ਸੋਮਵਾਰ ਨੂੰ ਕਾਂਗਰਸ ਦੁਆਰਾ ਵੀ ਬਿੱਲਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਖਿਲਾਫ ਹੱਲਾ ਬੋਲਿਆ ਗਿਆ ਹੈ ਅਤੇ ਵੱਖ-ਵੱਖ ਥਾਵਾਂ ਉੱਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ।

ਇਹ ਤਸਵੀਰਾਂ ਸੁਤਲਾਨਪੁਰ ਲੋਧੀ ਦੀਆਂ ਹਨ ਜਿੱਥੇ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਖੇਤਰ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਬਿੱਲਾਂ ਵਿਰੁੱਧ ਰੋਸ ਜ਼ਾਹਰ ਕਰਦਿਆਂ ਟਰੈਕਟਰ ਰੈਲੀ ਰਾਹੀਂ ਕਿਸਾਨ ਰੋਸ ਮਾਰਚ ਕੱਢਿਆ ਗਿਆ ਹੈ। ਇਸ ਰੈਲੀ ਵਿਚ ਵੱਡੀ ਗਿਣਤੀ ‘ਚ ਕਿਸਾਨ ਸ਼ਾਮਲ ਹੋਏ ਅਤੇ ਕਾਲੇ ਚੋਲੇ ਪਾ ਕੇ ਆਪਣੇ ਟਰੈਕਟਰਾਂ ਉੱਤੇ ਬੈਠ ਕੇਂਦਰ ਸਰਕਾਰ ਦੇ ਕਾਨੂੰਨ ਦਾ ਵਿਰੋਧ ਕਰਦੇ ਨਜ਼ਰ ਆਏ।

ਮੋਗਾ ਵਿਚ ਕਾਂਗਰਸੀ ਵਿਧਾਇਕ ਡਾਕਟਰ ਹਰਜੋਤ ਕਮਲ ਨੇਕੀ ਦੀ ਅਗਵਾਈ ਹੇਠ ਖੇਤੀ ਬਿੱਲਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ।

ਧੂਰੀ ਵਿਚ ਵੀ ਕਾਂਗਰਸ ਦੁਆਰਾ ਖੇਤੀ ਬਿਲਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਦੁਆਰਾ ਕੀਤੀ ਗਈ।

ਤਰਨਤਾਰਨ ਵਿਚ ਵੀ ਕਾਂਗਰਸੀ ਵਰਕਰ ਖੇਤੀ ਬਿੱਲਾਂ ਦੇ ਵਿਰੋਧ ਵਿਚ ਉੱਤਰੇ। ਹਲਕਾ ਵਿਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ ਵੱਲੋਂ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਜਮ੍ਹ ਕੇ ਨਾਅਰੇਬਾਜ਼ੀ ਕੀਤੀ।

ਗੁਰਦਾਸਪੁਰ ਦੇ ਬਟਾਲਾ ਵਿਚ ਵੀ ਕਾਂਗਰਸ ਦੁਆਰਾ ਬਿੱਲਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦਾ ਪੁੱਤਲਾ ਸਾੜਿਆ ਗਿਆ।

 

ਜਲੰਧਰ ਵਿਚ ਵੀ ਕਾਂਗਰਸ ਨੇ ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ ਵਿਚ ਡੀਸੀ ਦਫਤਰ ਦੇ ਬਾਹਰ ਬਿੱਲਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਵਿਰੁੱਧ ਅਰਥੀ ਫੁੱਕ ਕੇ ਰੋਸ ਪ੍ਰਦਰਸ਼ਨ ਕੀਤਾ ।

LEAVE A REPLY