ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਂਗਰਸ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਾਜੀਵ ਤਿਆਗੀ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਦੇਹਾਂਤ ਤੋਂ ਪਹਿਲਾਂ ਸ਼ਾਮ 5 ਵਜੇ ਰਾਜੀਵ ਨੇ ਇਕ ਨਿੱਜੀ ਨਿਊਜ਼ ਚੈਨਲ ਉੱਤੇ ਡਿਬੇਟ ਵਿਚ ਹਿੱਸਾ ਲਿਆ ਸੀ। ਡਿਬੇਟ ਦੌਰਾਨ ਰਾਜੀਵ ਵਾਰ-ਵਾਰ ਪਾਣੀ ਪੀ ਰਹੇ ਸਨ ਅਤੇ ਆਪਣੇ ਸੀਨੇ ਉੱਤੇ ਹੱਥ ਰੱਖ ਰਹੇ ਸਨ। ਉਨ੍ਹਾਂ ਦੇ ਦੇਹਾਂਤ ਉੱਤੇ ਪਾਰਟੀ ਦੇ ਕਈਂ ਵੱਡੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ।

ਜਾਣਕਾਰੀ ਅਨੁਸਾਰ ਰਾਜੀਵ ਤਿਆਗੀ ਨੇ ਕਾਂਗਰਸ ਪਾਰਟੀ ਦਾ ਪੱਖ ਰੱਖਣ ਲਈ ਘਰ ਤੋਂ ਹੀ ਆਨਲਾਈਨ ਇਕ ਨਿੱਜੀ ਨਿਊਜ਼ ਚੈਨਲ ਦੀ ਡਿਬੇਟ ਹਿੱਸਾ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਡਿਬੇਟ ਦੌਰਾਨ ਰਾਜੀਵ ਤਿਆਗੀ ਦੇ ਕਮਰੇ ਵਿਚ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਜਾਂਦਾ ਸੀ ਪਰ ਰਾਜੀਵ ਤਿਆਗੀ ਨੂੰ ਟੀਵੀ ਉੱਤੇ ਬੈਚੇਨ ਵੇਖ ਕੇ ਉਨ੍ਹਾਂ ਦੀ ਪਤਨੀ ਕਮਰੇ ਵਿਚ ਆਈ ਤਾਂ ਰਾਜੀਵ ਨੇ ਕਿਹਾ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਹਨ ਅਤੇ ਇੰਨਾ ਕਹਿੰਦੇ ਹੀ ਉਹ ਕੁਰਸੀ ਤੋਂ ਹੇਠਾਂ ਡਿੱਗ ਗਏ। ਇਸ ਦੇ ਤੁਰੰਤ ਬਾਅਦ ਰਾਜੀਵ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ।

ਉੱਥੇ ਹੀ ਕਾਂਗਰਸ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਉਨ੍ਹਾਂ ਦੀ ਮੌਤ ਉੱਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ”ਰਾਜੀਵ ਤਿਆਗੀ ਦੇ ਅਚਾਨਕ ਦੇਹਾਂਤ ਤੋਂ ਅਸੀ ਬਹੁਤ ਦੁਖੀ ਹਾਂ। ਉਹ ਇਕ ਪੱਕੇ ਕਾਂਗਰਸੀ ਅਤੇ ਸੱਚੇ ਦੇਸ਼ਭਗਤ ਸਨ, ਇਸ ਦੁਖ ਦੀ ਘੜੀ ਵਿਚ ਸਾਡੀ ਸੰਵੇਦਨਾਵਾਂ ਅਤੇ ਦੁਆਵਾਂ ਪਰਿਵਾਰ ਨਾਲ ਹਨ”। ਦੱਸ ਦਈਏ ਕਿ ਰਾਜੀਵ ਤਿਆਗੀ ਕਾਂਗਰਸ ਦੇ ਬੜੇ ਹੀ ਤੇਜ ਤਰਾਰ ਬੁਲਾਰੇ ਸਨ। ਉਹ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪਾਰਟੀ ਦਾ ਪੱਖ ਪੂਰਦੇ ਸਨ। 50 ਸਾਲਾਂ ਰਾਜੀਵ 2006 ਵਿਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ  ਸਨ ਅਤੇ ਕੁੱਝ ਸਾਲ ਪਹਿਲਾਂ ਉਨ੍ਹਾਂ ਨੂੰ ਪਾਰਟੀ ਦੇ ਰਾਸ਼ਟਰਪੀ ਬੁਲਾਰੇ ਦੀ ਜ਼ਿੰਮੇਵਾਰੀ ਸੌਪੀ ਗਈ ਸੀ। ਫਿਲਹਾਲ ਉਹ ਯੂਪੀ ਵਿਚ ਪਾਰਟੀ ਦੇ ਮੀਡੀਆ ਇੰਚਾਰਜ ਸਨ।

LEAVE A REPLY