ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਤਣਾਤਣੀ ਤੋਂ ਬਾਅਦ ਹੁਣ ਚੀਨ ਨੇ ਉੱਤਰਾਖੰਡ ਦੇ ਲਿਪੁਲੇਖ ਕੋਲ ਆਪਣੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸੈਨਿਕਾਂ ਦੀ ਤਾਇਨਾਤੀ ਕਰ ਦਿੱਤੀ ਹੈ। ਪਿਛਲੇ ਕੁੱਝ ਹਫਤਿਆਂ ਤੋਂ ਇੱਥੇ ਚੀਨੀ ਸੈਨਿਕਾਂ ਦੀ ਆਵਾਜਾਈ ਵੇਖੀ ਗਈ ਹੈ। ਦੱਸ ਦਈਏ ਕਿ ਲਿਪੁਲੇਖ ਇਕ ਅਜਿਹੀ ਥਾਂ ਹੈ ਜੋ ਭਾਰਤ, ਨੇਪਾਲ ਅਤੇ ਚੀਨ ਦੀ ਸਰਹੱਦਾਂ ਨੂੰ ਮਿਲਾਉਂਦਾ ਹੈ।

ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਚੀਨ ਨੇ ਇਕ ਆਪਣੀ ਇਕ ਬਟਾਲੀਅਨ ਭਾਵ ਕਿ ਇਕ ਹਜ਼ਾਰ ਤੋਂ ਵੱਧ ਜਵਾਨਾਂ ਨੂੰ ਲਿਪੁਲੇਖ ਵਿਚ ਤਾਇਨਾਤ ਕਰ ਦਿੱਤਾ ਹੈ ਜਿਸ ਦੇ ਜਵਾਬ ਵਿਚ ਭਾਰਤ ਨੇ ਵੀ ਇਕ ਹਜ਼ਾਰ ਜਵਾਨਾਂ ਦੀ ਤਾਇਨਾਤ ਆਪਣੀ ਸਰਹੱਦ ਉੱਤੇ ਕਰ ਦਿੱਤੀ ਹੈ। ਲੱਦਾਖ ਸੈਕਟਰ ਤੋਂ ਬਾਹਰ ਲਿਪੁਲੇਖ ਉਨ੍ਹਾਂ ਸਥਾਨਾਂ ਵਿਚੋਂ ਇਕ ਹੈ ਜਿੱਥੇ ਪਿਛਲੇ ਕੁੱਝ ਹਫਤਿਆਂ ਵਿਚ ਚੀਨੀ ਸੈਨਿਕਾਂ ਦੀਆਂ ਗਤੀਵਿਧੀਆਂ ਵਿਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਲਿਪੁਲੇਖ ਉਸ ਵੇਲੇ ਸੁਰਖੀਆਂ ਵਿਚ ਆਇਆ ਸੀ, ਜਦੋਂ ਭਾਰਤ ਨੇ ਇੱਥੋਂ ਮਾਨਸਰੋਵਰ ਜਾਣ ਲਈ 80ਕਿਮੀਂ ਲੰਬੀ ਸੜਕ ਬਣਾਈ ਸੀ ਜਿਸ ਤੋਂ ਬਾਅਦ ਨੇਪਾਲ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਆਪਣਾ ਨਵਾਂ ਰਾਜਨੀਤਿਕ ਨਕਸ਼ਾ ਜਾਰੀ ਕਰਕੇ ਕਾਲਾਪਾਨੀ, ਲਿਪੁਲੇਖ ਨੂੰ ਆਪਣਾ ਹਿੱਸਾ ਦੱਸਿਆ ਸੀ।

ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਤਣਾਅ ਅਜੇ ਵੀ ਖਤਮ ਨਹੀਂ  ਹੋਇਆ ਹੈ। 15 ਜੂਨ ਨੂੰ ਭਾਰਤ ਅਤੇ ਚੀਨੀ ਸੈਨਿਕਾਂ ਦਰਮਿਆਨ ਹੋਈ ਹਿੰਸਕ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਉੱਥੇ ਹੀ ਚੀਨ ਦੇ ਵੀ 40 ਸੈਨਿਕ ਮਾਰੇ ਜਾਣ ਦੀ ਖਬਰ ਆਈ ਸੀ। ਇਹ ਪਿਛਲੇ  45 ਸਾਲਾਂ ਵਿਚ ਸੱਭ ਤੋਂ ਵੱਡੀ ਖੂਨੀ ਝੜਪ ਸੀ ,ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਆਪਣੇ ਚਰਮ ਉੱਤੇ ਪਹੁੰਚ ਗਿਆ ਸੀ। ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੈਨਿਕ ਕਮਾਂਡਰਾਂ ਵਿਚਾਲੇ ਕਈਂ ਦੌਰ ਦੀ ਗੱਲਬਾਤ ਹੋਣ ਮਗਰੋਂ ਦੋਣੋਂ ਦੇਸ਼ ਸੈਨਾ ਨੂੰ ਪਿੱਛੇ ਹਟਾਉਣ ਲਈ ਰਾਜ਼ੀ ਹੋ ਗਏ ਸਨ ਅਤੇ ਹੁਣ ਚੀਨ ਦਾਅਵਾ ਕਰ ਰਿਹਾ ਹੈ ਕਿ ਉਸਨੇ ਆਪਣੇ ਸੈਨਿਕਾਂ ਨੂੰ ਪਿੱਛੇ ਹਟਾ ਲਿਆ ਹੈ ਪਰ ਭਾਰਤੀ ਵਿਦੇਸ਼ ਮੰਤਰਾਲਾ ਅਤੇ ਭਾਰਤੀ ਸੈਨਾ ਇਸ ਦਾ ਖੰਡਨ ਕਰ ਰਿਹਾ ਹੈ।

 

LEAVE A REPLY