ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਦੇ 85 ਸਾਲਾਂ ਸਾਬਕਾ ਕੇਂਦਰੀ ਕਾਂਗਰਸੀ ਵਿਧਾਇਕ ਰਾਜਕੁਮਾਰ ਗੁਪਤਾ ਦਾ ਮੰਗਲਵਾਰ ਦੇਰ ਰਾਤ ਦੇਹਾਂਤ ਹੋ ਗਿਆ। ਬੇਟੇ ਪਵਨ ਕੁਮਾਰ ਦੇ ਅਨੁਸਾਰ ਉਸਦੇ ਪਿਤਾ ਕਾਫ਼ੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਹਰਨਾਮਦਾਸ ਪੁਰਾ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਫੇਰੀ ਦੌਰਾਨ ਹਲਕਾ ਨਿਵਾਸੀ ਦੇ ਨਾਲ ਕਈ ਸਿਆਸੀ ਆਗੂ ਵੀ ਸ਼ਾਮਿਲ ਹੋਏ ਅਤੇ ਕਈ ਉੱਘੀਆਂ ਸਖਸ਼ੀਅਤਾਂ ਵੀ ਇਸ ਸਮੇਂ ਮੌਜੂਦ ਰਹੀਆਂ।

ਨਜ਼ਦੀਕੀ ਲੋਕਾਂ ਦਾ ਕਹਿਣਾ ਹੈ ਕਿ, ਰਾਜ ਕੁਮਾਰ ਗੁਪਤਾ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 1970 ਵਿੱਚ ਕੀਤੀ ਸੀ। ਜ਼ਮੀਨੀ ਨੇਤਾ ਰਾਜਕੁਮਾਰ ਗੁਪਤਾ ਪੰਜ ਵਾਰ ਕੌਂਸਲਰ ਚੁਣੇ ਜਾ ਚੁੱਕੇ ਹਨ। ਉਨ੍ਹਾਂ ਨੇ ਨਗਰ ਨਿਗਮ ਭਵਨ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਇੱਕ ਮਜ਼ਬੂਤ ​​ਭੂਮਿਕਾ ਨਿਭਾਈ ਅਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਸਾਲ 2002 ਵਿੱਚ ਕਾੰਗਰਸੀ ਆਗੂ ਵਜੋਂ ਮੈਦਾਨ ਵਿੱਚ ਨਿਤਰੇ। ਉਨ੍ਹਾਂ ਨੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਹਰਾ ਕੇ ਇਤਿਹਾਸ ਰਚਿਆ ਸੀ। ਰਾਜਕੁਮਾਰ ਗੁਪਤਾ ਜ਼ਿਲ੍ਹਾ ਕਾਂਗਰਸ ਦੇ ਮੁਖੀ ਅਤੇ ਸਮਾਲ ਸਕੇਲ ਉਦਯੋਗ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।

ਸਾਬਕਾ ਵਿਧਾਇਕ ਦੀ ਮੌਤ ਤੇ ਕੈਪਟਨ ਨੇ ਪ੍ਰਗਟਾਇਆ ਸੋਗ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਲੰਬੀ ਬਿਮਾਰੀ ਤੋਂ ਬਾਅਦ ਰਾਜਕੁਮਾਰ ਗੁਪਤਾ ਦੀ ਮੰਗਲਵਾਰ ਰਾਤ ਨੂੰ ਮੌਤ ਹੋ ਗਈ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਰਾਜ ਕੁਮਾਰ ਗੁਪਤਾ ਨੂੰ ਇੱਕ ਸੁਲਝੇ ਹੋਏ ਰਾਜਨੇਤਾ ਦੱਸਿਆ, ਜਿਸਨੇ ਆਪਣੇ ਜਲੰਧਰ ਕੇਂਦਰੀ ਹਲਕੇ ਦੇ ਸਰਵਪੱਖੀ ਵਿਕਾਸ ਲਈ ਦਿਨ ਰਾਤ ਮਿਹਨਤ ਕੀਤੀ।

ਸ਼ੋਕ ਸੰਦੇਸ਼ ‘ਚ ਅੱਗੇ ਕੈਪਟਨ ਨੇ ਕਿਹਾ, ਉੱਘੇ ਕਾਂਗਰਸੀ ਨੇਤਾ ਆਪਣੀ, ਨਿਰਸਵਾਰਥ ਸੇਵਾਵਾਂ, ਸਥਾਨਕ ਲੋਕਾਂ ਨਾਲ ਜਮੀਨੀ ਪੱਧਰ ‘ਤੇ ਜੁੜੇ ਰਹਿਣ ਕਾਰਨ ਹਮੇਸ਼ਾ ਸਭਨਾਂ ਦੇ ਮਨਾਂ ‘ਚ ਰਹਿਣਗੇ। ਮੁੱਖ ਮੰਤਰੀ ਨੇ ਦੁਖੀ ਪਰਿਵਾਰ ਨਾਲ ਸੋਗ ਪ੍ਰਗਟ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਲਾਹੀ ਹੁਕਮ ਦੀ ਪਾਲਣਾ ਕਰਨ ਦੀ ਸ਼ਕਤੀ ਦੇਣ ਦੀ ਅਰਦਾਸ ਕੀਤੀ।

LEAVE A REPLY