ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਸਰਕਾਰ ਨੇ ਚੀਨ ਉੱਤੇ ਡਿਜੀਟਲ ਸਟ੍ਰਾਇਕ ਕਰਦਿਆਂ ਬੀਤੇ ਸੋਮਵਾਰ ਨੂੰ ਮਸ਼ਹੂਰ ਸੋਸ਼ਲ ਮੀਡੀਆ ਐਪ ਟਿਕ-ਟੋਕ ਸਮੇਤ 59 ਚਾਇਨੀਜ਼ ਐਪ ਦੇਸ਼ ਵਿਚ ਬੈਨ ਕਰ ਦਿੱਤੇ ਹਨ। ਚੀਨ ਨਾਲ ਸਰਹੱਦੀ ਵਿਵਾਦ ਅਤੇ ਹਿੰਸਕ ਝੜਪ ਵਿਚ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਲਗਾਤਾਰ ਚੀਨੀ ਸਮਾਨ ਅਤੇ ਚੀਨੀ ਐਪ ਉੱਤੇ ਪਾਬੰਦੀ ਲਗਾਉਣ ਦੀ ਮੰਗ ਉੱਠ ਰਹੀ ਸੀ। ਹਾਲਾਂਕਿ ਸਰਕਾਰ ਨੇ ਇਨ੍ਹਾਂ ਐਪਸ ਉੱਤੇ ਪਾਬੰਦੀ ਲਗਾਉਣ ਦਾ ਕਾਰਨ ਰਾਸ਼ਟਰੀ ਸੁਰੱਖਿਆ ਅਤੇ ਨਿੱਜਤਾ ਨੂੰ ਲੈ ਕੇ ਪੈਦਾ ਹੋ ਰਹੇ ਖਤਰੇ ਨੂੰ ਦੱਸਿਆ ਹੈ। ਇਸੇ ਵਿਚਾਲੇ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਐਸ-400 ਵਿਚ ਚੀਨੀ ਸਾਫਟਵੇਅਰ ਤਾਂ ਨਹੀਂ ਲੱਗੇ ਹੋਏ।

ਦਰਅਸਲ ਸੁਬਰਾਮਨੀਅਮ ਸਵਾਮੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਸੋਸ਼ਲ ਮੀਡੀਆ ਵਿਚ ਚੀਨੀ ਐਪਸ ਉੱਤੇ ਪਾੰਬਦੀ ਲਗਾਉਣ ਤੋਂ ਬਾਅਦ ਸਰਕਾਰ ਨੂੰ ਸਾਡੀਆਂ ਫੌਜਾਂ ਨੂੰ ਜੋਖਿਮ ਵਿਚ ਪਾਉਣ ਤੋਂ ਪਹਿਲਾਂ ਐਸ-400 ਵਿਚ ਚੀਨੀ ਸਾਫਟਵੇਅਰ ਅਤੇ ਐਪਸ ਦੀ ਜਾਂਚ ਕਰਨੀ ਚਾਹੀਦੀ ਹੈ”। ਦੱਸ ਦਈਏ ਕਿ ਭਾਰਤ ਸਰਕਾਰ ਨੇ ਰੂਸ ਨਾਲ ਐਸ-400 ਮਿਸਾਈਲ ਸਿਸਟਮ ਖਰੀਦਣ ਲਈ ਕਰਾਰ ਕੀਤਾ ਹੋਇਆ ਹੈ। ਭਾਰਤ ਨੇ 5 ਅਕਤੂਬਰ 2018 ਨੂੰ 5.43 ਬਿਲਿਅਨ ਡਾਲਰ(40,000 ਕਰੋੜ) ਦੇ ਕਾਨਟ੍ਰੈਕਟ ਉੱਤੇ ਰੂਸ ਨਾਲ ਦਸਤਖ਼ਤ ਕੀਤੇ ਸਨ ਜਿਸ ਤਹਿਤ ਰੂਸ ਭਾਰਤ ਨੂੰ ਐਸ-400 ਮਿਲਾਈਲ ਸਿਸਟਮ ਦੇਵੇਗਾ। ਇਹ ਪ੍ਰਣਾਲੀ ਭਾਰਤ ਦੇ ਹਵਾਈ ਖੇਤਰ ਦੀ ਰੱਖਿਆ ਕਰਨ ਵਿਚ ਮਹੱਤਵਪੂਰਨ ਭੂਮਿਕ ਨਿਭਾਵੇਗੀ, ਜਿਸ ਰਾਹੀ ਭਾਰਤ 380 ਕਿਲੋਮੀਟਰ ਦੀ ਦੂਰੀ ਤੱਕ ਬੋਮਬਰਜ਼, ਲੜਾਕੂ ਜਹਾਜ਼, ਜਾਸੂਸੀ ਜਹਾਜ਼, ਮਿਸਾਈਲਾਂ ਅਤੇ ਡ੍ਰੋਨਾਂ ਦਾ ਪਤਾ ਲਗਾ ਕੇ ਇਸ ਨੂੰ ਤਬਾਹ ਕਰ ਸਕਦਾ ਹੈ। ਇਹ ਚੀਨ, ਪਾਕਿਸਤਾਨ ਦੀ ਸਰਹੱਦਾਂ ਦੇ ਨਾਲ ਦਿੱਲੀ ਵਿਚ ਵੀ ਤਾਇਨਾਤ ਕੀਤਾ ਜਾਵੇਗਾ।

LEAVE A REPLY