ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜੂਪਤ ਦੀ ਖੁਦਕੁਸ਼ੀ ਮਾਮਲੇ ਵਿਚ ਹੁਣ ਮੁੰਬਈ ਅਤੇ ਬਿਹਾਰ ਪੁਲਿਸ ਆਹਮੋ-ਸਾਹਮਣੇ ਆਉਂਦੀਆਂ ਵਿਖਾਈ ਦੇ ਰਹੀਆਂ ਹਨ। ਦਰਅਸਲ ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਮੁੰਬਈ ਪੁਲਿਸ ਉੱਤੇ ਇਸ ਮਾਮਲੇ ਵਿਚ ਜਾਣਕਾਰੀ ਨਾ ਦੇਣ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੰਬਈ ਪੁਲਿਸ ਨੇ ਬਿਹਾਰ ਪੁਲਿਸ ਨੂੰ ਹੁਣ ਤੱਕ ਸੁਸ਼ਾਂਤ ਦੀ ਪੋਸਟਮਾਰਟ ਰਿਪੋਰਟ ਤੋਂ ਲੈ ਕੇ ਸੀਸੀਟੀਵੀ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਮੁੁਹੱਈਆ ਨਹੀਂ ਕਰਵਾਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਡੀਜੀਪੀ ਪਾਂਡੇ ਨੇ ਕਿਹਾ ਹੈ ਕਿ ”ਸੁਸ਼ਾਂਤ ਮਾਮਲਾ ਇਕ ਵੱਡੀ ਮਿਸਟਰੀ ਬਣ ਗਿਆ ਹੈ ਜਿਸ ਤੋਂ ਪਰਦਾ ਉੱਠਣਾ ਚਾਹੀਦਾ ਹੈ। ਬਿਹਾਰ ਪੁਲਿਸ ਜਾਂਚ ਕਰਨ ਦੇ ਸਮਰੱਥ ਹੈ ਅਤੇ ਅਸਾਨੀ ਨਾਲ ਇਸ ਮਾਮਲੇ ਨੂੰ ਜਾਣ ਨਹੀਂ ਦੇਵੇਗੀ”। ਉਨ੍ਹਾਂ ਨੇ ਕਿਹਾ ਕਿ ”ਇਕ ਸਮੱਸਿਆ ਇਹ ਹੈ ਕਿ ਸਾਨੂੰ ਹੁਣ ਤੱਕ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਨਾਲ ਜੁੜੇ ਬੁਨਿਆਦੀ ਦਸਤਾਵੇਜ ਨਹੀਂ ਮਿਲੇ ਹਨ। ਸਾਨੂੰ ਮੁੰਬਈ ਪੁਲਿਸ ਦੁਆਰਾ ਪੋਸਟਮਾਰਟ ਰਿਪੋਰਟ, ਸੀਟੀਵੀ ਫੁਟੇਜ ਅਤੇ ਜਾਂਚ ਵੇਲੇ ਇੱਕਠੀ ਕੀਤੀ ਗਈ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਸੁਸ਼ਾਂਤ ਵੱਲੋਂ ਜਿਹੜੇ ਸਿਮ ਕਾਰਡਾਂ ਦਾ ਉਪਯੋਗ ਕੀਤਾ ਜਾ ਰਿਹਾ ਸੀ , ਉਨ੍ਹਾਂ ਵਿਚੋਂ ਕੋਈ ਵੀ ਉਨ੍ਹਾਂ ਦੇ ਨਾਮ ਉੱਤੇ ਰਜਿਸਟਰ ਨਹੀਂ ਹੈ। ਕੇਵਲ ਇਕ ਸਿੱਮ ਕਾਰਡ ਉਨ੍ਹਾਂ ਦੇ ਦੋਸਤ ਸਿਧਾਰਥ ਪਿਠਾਨੀ ਦੇ ਨਾਮ ਰਜਿਸਟਰ ਸੀ। ਹੁਣ ਅਸੀ ਕਾਲ ਡਿਟੇਲ ਰਿਕਾਰਡ ਨੂੰ ਟ੍ਰੈਕ ਕਰ ਰਹੇ ਹਾਂ। ਅਸੀ ਸੁਸ਼ਾਂਤ ਦੇ ਸਾਬਕਾ ਮੈਨੇਜਰ ਦਿਸ਼ਾ ਸਾਲਿਅਨ (ਜਿਸਨੇ ਸੁਸ਼ਾਂਤ ਦੀ ਮੌਤ ਤੋਂ ਕੁੱਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ) ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕਰਾਂਗੇ। ਫੋਨ ਉੱਤੇ ਉਨ੍ਹਾਂ ਨਾਲ ਗੱਲ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਅਸੀ ਸੰਪਰਕ ਸਥਾਪਤ ਕਰਨ ਵਿਚ ਨਾਕਾਮ ਰਹੇ ਹਾਂ”। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਸੀ ਕਿ ”ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਜੇਕਰ ਮੰਗ ਕਰਨਗੇ ਤਾਂ ਸੀਬੀਆਈ ਜਾਂਚ ਦੀ ਸਿਫਾਰਿਸ਼ ਸੰਭਵ ਹੈ।ਬਿਹਾਰ ਪੁਲਿਸ ਮੁੰਬਈ ਜਾ ਕੇ ਜਾਂਚ ਕਰ ਰਹੀ ਹੈ। ਇਸ ਵਿਚ ਮੁੰਬਈ ਪੁਲਿਸ ਨੂੰ ਸਹਿਯੋਗ ਕਰਨਾ ਚਾਹੀਦਾ ਹੈ”। ਹਾਲਾਂਕਿ ਉਨ੍ਹਾਂ ਨੇ ਦੋਵਾਂ ਸੂਬਿਆਂ ਵਿਚ ਝਗੜੇ ਦੀ ਗੱਲ ਨੂੰ ਨਕਾਰਿਆ ਹੈ।

LEAVE A REPLY