ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ 2015 ‘ਚ ਵਾਪਰੀ ਬੇਅਦਬੀ ਘਟਨਾਵਾਂ ਦੇ ਮਾਮਲੇ ਵਿਚ ਪੰਜ ਸਾਲਾਂ ਬਾਅਦ ਵੱਡੀਆਂ ਗਿਰਫਤਾਰੀਆਂ ਕੀਤੀਆਂ ਹਨ। ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਨੇ ਡੇਰਾ ਸੱਚਾ ਸੌਦਾ ਨਾਲ ਜੁੜੇ 7 ਲੋਕਾਂ ਨੂੰ ਗਿਰਫਤਾਰ ਕੀਤਾ ਹੈ ਅਤੇ ਅੱਜ ਸ਼ਨੀਵਾਰ ਨੂੰ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਨ੍ਹਾਂ ਦੀ ਗਿਰਫਾਤਰੀ ਬੇਅਦਬੀ ਘਟਨਾਵਾਂ ਨਾਲ ਜੁੜੀ ਤਿੰਨ FIR ਵਿਚੋਂ ਪਹਿਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ ਵਿਚ ਫਰੀਦਕੋਟ ਤੋਂ ਹੋਈ ਹੈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਉਰਫ ਸੰਨੀ, ਰਣਜੀਤ, ਨਰੇਂਦਰ, ਬਲਜੀਤ,ਨਰਿੰਦਰ, ਭੋਲਾ ਅਤੇ ਨਿਸ਼ਾਨ ਦੇ ਰੂਪ ਵਿਚ ਹੋਈ ਹੈ। ਸਾਰੇ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿੱਥੇ ਇਨ੍ਹਾਂ ਦਾ ਰਿਮਾਂਡ ਮਿਲਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਬਰਗਾੜੀ ਕਾਂਡ ਵਿਚ ਤਿੰਨ FIR ਦਰਜ ਹੋਈਆਂ ਸਨ ਜਿਸ ‘ਚ ਪਹਿਲੀ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ‘ਚੋਂ ਗੁਰੂ ਗਰੰਥ ਜੀ ਦਾ ਸਰੂਪ ਚੋਰੀ ਕਰਨ, ਦੂਜੀ 24-25 ਸਤੰਬਰ ਦੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਅੱਗੇ ਇਤਰਾਜ਼ਯੋਗ ਪੋਸਟਰ ਲਗਾਉਣ ਅਤੇ ਤੀਜੀ 12 ਅਕਤੂਬਰ 2015 ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਹੋਈ ਸੀ। ਬਰਗਾੜੀ ਕਾਂਢ ਨਾਲ ਜੁੜੀ ਘਟਨਾਵਾਂ ਦੀ ਜਾਂਚ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ ਸੀਬੀਆਈ ਦੇ ਹੱਥ ਦਿੱਤੀ ਸੀ ਪਰ ਲੰਬਾ ਸਮਾਂ ਲੰਘ ਜਾਣ ਮਗਰੋਂ ਵੀ ਸੀਬੀਆਈ ਨੂੰ ਇਸ ਮਾਮਲੇ ਵਿਚ ਕੋਈ ਵੱਡੀ ਕਾਮਯਾਬੀ ਹੱਥ ਨਹੀਂ ਲੱਗੀ ਸੀ। ਉੱਥੇ ਹੀ ਕੈਪਟਨ ਸਰਕਾਰ ਦੇ ਆਉਣ ਮਗਰੋਂ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਅਤੇ ਸੀਬੀਆਈ ਤੋਂ ਸਾਰੇ ਕੇਸ ਵਾਪਸ ਲੈ ਕੇ ਐਸਆਈਟੀ ਨੂੰ ਦੇ ਦਿੱਤੇ ਸਨ। ਇਸ ਕੇਸ ਵਿਚ ਐਸਆਈਟੀ ਦੀ ਇਹ ਪਹਿਲੀ ਵੱਡੀ ਕਾਰਵਾਈ ਹੈ।

LEAVE A REPLY