ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਰਗਾੜੀ ਬੇਅਦਬੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸੱਤ ਡੇਰਾ ਪ੍ਰੇਮੀਆਂ ਨੂੰ ਗਿਰਫਤਾਰ ਕਰਕੇ ਬੀਤੇ ਦਿਨ ਅਦਾਲਤ ਵਿਚ ਪੇਸ਼ ਕੀਤਾ ਸੀ ਜਿੱਥੇ ਇਨ੍ਹਾਂ ਵਿਚੋਂ 2 ਨੂੰ ਕੋਰਟ ਨੇ ਰਿਹਾਅ ਕਰ ਦਿੱਤਾ ਸੀ ਜਦਕਿ 5 ਡੇਰਾ ਪ੍ਰੇਮੀਆਂ ਨੂੰ 2 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ। ਉੱਥੇ ਹੀ ਰਿਮਾਂਡ ‘ਤੇ ਲਏ ਗਏ 5 ਮੁਲਜ਼ਮਾਂ ਵਿਚੋਂ ਅੱਜ ਐਸਆਈਟੀ 2 ਆਰੋਪੀਆਂ ਨੂੰ ਨਿਸ਼ਾਨਦੇਹੀ ਲਈ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਲੈ ਕੇ ਗਈ ਅਤੇ ਫਿਰ ਇਨ੍ਹਾਂ ਨੂੰ ਕੋਟਕਪੂਰਾ ਸਥਿਤ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਲਿਆਂਦਾ ਗਿਆ ਹੈ।

ਜਾਣਕਾਰੀ ਅਨੁਸਾਰ ਹਿਰਾਸਤ ਵਿਚ ਲਏ ਗਏ ਡੇਰਾ ਪ੍ਰੇਮੀਆਂ ਉੱਤੇ ਆਰੋਪ ਹੈ ਕਿ ਇਨ੍ਹਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦਾ ਸਰੂਪ ਚੌਰੀ ਕੀਤਾ ਸੀ ਜਿਸ ਤੋਂ ਬਾਅਦ ਉਹ ਇਕ ਕਾਰ ਦੇ ਜਰੀਏ ਸਰੂਪ ਨੂੰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਲੈ ਕੇ ਗਏ ਸਨ ਅਤੇ ਫਿਰ ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿੰਡ ਸਿਖਵਾਲਾ ਵਿਚ ਇਕ ਡੇਰਾ ਪ੍ਰੇਮੀ ਦੇ ਘਰ ਰੱਖਿਆ ਸੀ। ਇਸੇ ਦੀ ਨਿਸ਼ਾਨਦੇਹੀ ਲਈ ਪੁਲਿਸ ਪੰਜ ਵਿਚੋਂ 2 ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਅਤੇ ਕੋਟਕਪੂਰਾ ਦੇ ਨਾਮ ਚਰਚਾ ਘਰ ਲੈ ਕੇ ਆਈ ਹੈ। ਹਾਲਾਂਕਿ ਇਸ ਦੌਰਾਨ ਐਸਆਈਟੀ ਦੇ ਮੈਂਬਰਾਂ ਨੇ ਕੋਈ ਵੀ ਬਿਆਨ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।ਦੱਸ ਦਈਏ ਕਿ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਬਣਾਈ ਗਈ ਐਸਆਈਟੀ ਬੇਅਦਬੀ ਘਟਨਾਵਾਂ ਨਾਲ ਜੁੜੀ ਤਿੰਨ FIR ਵਿਚੋਂ ਪਹਿਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਦੇ ਮਾਮਲੇ ਵਿਚ ਜਾਂਚ ਕਰ ਰਹੀ ਹੈ ਜਿਸ ਦੇ ਸੰਬੰਧ ਵਿਚ ਇਨ੍ਹਾਂ ਡੇਰਾ ਪ੍ਰੇਮੀਆਂ ਦੀਆਂ ਗਿਰਫਤਾਰੀਆਂ ਹੋਈਆਂ ਸਨ।

LEAVE A REPLY