ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਬੀਸੀਸੀਆਈ ਨੇ ਇੰਡੀਅਨ ਪ੍ਰੀਮਿਅਰ ਲੀਗ ਦੇ 13ਵੇਂ ਸੀਜਨ ਦਾ ਨਵਾਂ ਸ਼ਿਡਿਊਲ ਜਾਰੀ ਕਰ ਦਿੱਤਾ ਹੈ ਜਿਸ ਮੁਤਾਬਕ ਆਈਪੀਐਲ ਦਾ ਆਗਾਜ਼ ਅਬੂ-ਧਾਬੀ ਵਿਚ ਹੋਵੇਗਾ ਅਤੇ ਟੂਰਨਾਮੈਂਟ ਦਾ ਪਹਿਲਾ ਮੈਚ ਚੇਨੰਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਸ ਵਿਚਾਲੇ 19 ਸਤੰਬਰ ਨੂੰ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ।

ਪਹਿਲੇ ਮੈਚ ਤੋਂ ਬਾਅਦ ਅਗਲੇ ਦਿਨ ਐਤਵਾਰ ਨੂੰ ਦੁਬਈ ਆਪਣੇ ਪਹਿਲੇ ਅਤੇ ਟੂਰਨਾਮੈਂਟ ਦੇ ਦੂਜੇ ਮੈਚ ਦੀ ਮੇਜ਼ਬਾਨੀ ਕਰੇਗਾ ਜਿੱਥੇ ਦਿੱਲੀ ਕੈਪੀਟਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਬਾਅਦ ਤੀਜਾ ਮੈਚ ਵੀ ਦੁਬਈ ਵਿਚ ਹੀ ਖੇਡਿਆ ਜਾਵੇਗਾ, ਜਦਕਿ ਚੌਥਾ ਮੈਚ ਦੁਬਈ ਤੋਂ ਨਿਕਲ ਕੇ ਸ਼ਾਰਜਾਹ ਪਹੁੰਚੇਗਾ। ਇੱਥੇ 22 ਸਤੰਬਰ ਨੂੰ ਰਾਜਸਥਾਨ ਰਾਇਲਜ਼ ਅਤੇ ਚੇਨੰਈ ਸੁਪਰਕਿੰਗਜ਼ ਵਿਚਾਲੇ ਮੁਕਾਬਲਾ ਹੋਵੇਗਾ।

ਨਵੇਂ ਸ਼ਿਡਿਊਲ ਅਨੁਸਾਰ ਆਈਪੀਐਲ 2020 ਵਿਚ ਕੁੱਲ 10 ਡਬਲ ਹੈਡਰਸ(ਇਕ ਦਿਨ ਵਿਚ ਦੋ ਮੈਚ) ਖੇਡੇ ਜਾਣਗੇ ਅਤੇ ਜਿਸ ਦਿਨ ਇਕ ਦਿਨ ਵਿਚ 2 ਮੈਚ ਹੋਣਗੇ ਉਸ ਦਿਨ ਪਹਿਲਾ ਮੈਚ ਭਾਰਤੀ ਸਮੇਂ ਮੁਤਾਬਕ 3.30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਦੇ ਮੁਕਾਬਲਿਆਂ ਦੀ ਟਾਈਮਿੰਗ ਸ਼ਾਢੇ 7 ਹੋਵੇਗੀ। ਲੀਗ ਸਟੇਜ ਦੇ ਸੱਭ ਤੋਂ ਵੱਧ 24 ਮੈਚ ਦੁਬਈ ਵਿਚ ਖੇਡੇ ਜਾਣਗੇ,ਜਦਕਿ ਅਬੂ-ਧਾਬੀ ਵਿਚ 20 ਅਤੇ ਸ਼ਾਰਜਾਂਹ ਵਿਚ 12 ਮੈਚਾਂ ਦਾ ਆਯੋਜਨ ਹੋਵੇਗਾ। ਆਈਪੀਐਲ ਗਵਰਨਿੰਗ ਕਾਊਂਸਿਲ ਨੇ ਕਿਹਾ ਹੈ ਕਿ ਪਲੇਆਫ ਅਤੇ ਫਾਈਨਲ ਮੁਕਾਬਲਿਆਂ ਦੇ ਆਯੋਜਨ ਸਥਾਨਾਂ ਦੇ ਨਾਮ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।

LEAVE A REPLY