ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਰਨਾਲਾ ਵਿਚ ਬੱਸਾਂ ‘ਚ ਅਸ਼ਲੀਲਤਾ ਅਤੇ ਹਥਿਆਰਾਂ ਨੂੰ ਉਤਾਸ਼ਿਹਤ ਕਰਨ ਵਾਲੇ ਗਾਣੇ ਚਲਾਉਣ ਉੱਤੇ 20 ਬੱਸਾਂ ਦਾ ਚਲਾਨ ਕੀਤਾ ਗਿਆ ਹੈ। ਸ਼ਹਿਰ ਦੀ ਰੀਜਨਲ ਟਰਾਂਸਪੋਰਟ ਅਥਾਰਿਟੀ ਵੱਲੋਂ 40 ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ 20 ਬੱਸਾਂ ਵਿਚ ਅਜਿਹੇ ਗਾਣੇ ਵੱਜਦੇ ਪਾਏ ਗਏ ਅਤੇ ਇਸ ਉੱਤੇ ਕਾਰਵਾਈ ਕਰਦਿਆਂ ਜ਼ੁਰਮਾਨਾ ਲਗਾਇਆ ਗਿਆ ਹੈ।

ਦਰਅਸਲ ਪੰਜਾਬ ਸਰਕਾਰ ਵੱਲੋਂ ਬੱਸਾਂ ਵਿਚ ਅਸ਼ਲੀਲਤਾਂ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਵਜਾਉਣ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਪੂਰੇ ਮਾਮਲੇ ਬਾਰੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ਬੱਸਾਂ ਵਿਚ ਗਾਣੇ ਵਜਾਉਣ ਨੂੰ ਲੈ ਜਾਰੀ ਹਦਾਇਤਾਂ ਨੂੰ ਸਖਤ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ ਅਤੇ ਬੱਸਾਂ ਵਿਚ ਮਾੜੀ ਸ਼ਬਦਾਵਲੀ ਦੇ ਗੀਤ ਚਲਾਉਣ ਵਾਲੇ ਡਰਾਇਵਰਾਂ ਉੱਤੇ ਰੀਜਨਲ ਟਰਾਂਸਪੋਰਟ ਅਥਾਰਿਟੀ ਦੁਆਰਾ ਕਾਰਵਾਈ ਕਰਦਿਆਂ ਜ਼ੁਰਮਾਨਾ ਲਗਾਇਆ ਜਾ ਰਿਹਾ ਹੈ ਅਤੇ ਪਿਛਲੇ ਕੁੱਝ ਹਫਤਿਆਂ ਦੌਰਾਨ ਲਗਭਗ 40 ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ 20 ਬੱਸਾਂ ਵਿਚ ਗੀਤ ਵੱਜਦੇ ਹੋਏ ਪਾਏ ਗਏ ਹਨ ਜਿਨ੍ਹਾਂ ਦਾ ਚਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਬੱਸਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਸਫ਼ਰ ਦੌਰਾਨ ਬੱਸਾਂ ਵਿਚ ਅਸ਼ਲੀਲ ਗੀਤ ਵੱਜਦੇ ਹੋਏ ਪਾਉਂਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਵੀ ਕਰ ਸਕਦਾ ਹੈ।

ਉੱਥੇ ਹੀ ਇਸ ਪੂਰੇ ਮਾਮਲੇ ਉੱਤੇ ਗੱਲਬਾਤ ਕਰਦਿਆਂ ਬੱਸਾਂ ਵਿਚ ਸਫ਼ਰ ਕਰਨ ਵਾਲੀਆਂ ਔਰਤਾਂ ਨੇ ਸਰਕਾਰ ਦੇ ਇਸ ਕਦਮ ਨੂੰ ਇਕ ਸ਼ਲਾਘਾਯੋਗ ਕਦਮ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਪਹਿਲਾਂ ਬੱਸਾਂ ਵਿਚ ਅਸ਼ਲੀਲ ਗਾਣੇ ਵੱਜਦੇ ਸਨ ਤਾਂ ਉਨ੍ਹਾਂ ਨੂੰ ਅਸੁਵਿਧਾ ਮਹਿਸੂਸ ਹੁੰਦੀ ਸੀ ਅਤੇ ਲੋਕ ਗੰਦੀਆਂ ਨਜ਼ਰਾਂ ਨਾਲ ਉਨ੍ਹਾਂ ਵੱਲ ਵੇਖਦੇ ਸਨ ਪਰ ਹੁਣ ਸਰਕਾਰ ਦੁਆਰਾ ਬੱਸਾਂ ਵਿਚ ਅਸ਼ਲੀਲ ਸੰਗੀਤ ਵਜਾਉਣ ਉੱਤੇ ਪਾਬੰਦੀ ਲਗਾਉਣ ਤੋਂ ਬਾਅਦ ਸਫਰ ਕਰਨਾ ਸੁਰੱਖਿਅਤ ਹੋ ਗਿਆ ਹੈ।

ਦੂਜੇ ਪਾਸੇ ਇਸ ਪੂਰੇ ਮਾਮਲੇ ਬਾਰੇ ਬੱਸ ਡਰਾਇਵਰਾਂ ਨੇ ਦੱਸਿਆ ਕਿ ਸਰਕਾਰ ਦੁਆਰਾ ਚੁੱਕਿਆ ਗਿਆ ਇਹ ਇਕ ਬਹੁਤ ਵਧੀਆ ਕਦਮ ਹੈ ਅਤੇ ਉਹ ਇਸ ਦਾ ਸਵਾਗਤ ਕਰਦੇ ਹਨ। ਕੁੱਝ ਡਰਾਇਵਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਸਾਂ ਵਿਚ ਅਸ਼ਲੀਲ ਗਾਣੇ ਨਹੀਂ ਚਲਾਏ ਜਾਂਦੇ ਸਿਰਫ ਧਾਰਮਿਕ ਸ਼ਬਦ ਜਾਂ ਫਿਰ ਗੁਰਬਾਣੀ ਸ਼ਬਦ ਹੀ ਚਲਾਏ ਜਾਂਦੇ ਹਨ। ਡਰਾਇਵਰਾਂ ਨੇ ਅੱਗੇ ਕਿਹਾ ਕਿ ਅਸ਼ਲੀਲਤਾ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ  ਗਾਣੇ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ ਅਤੇ ਸਰਕਾਰ ਨੂੰ ਵੀ ਅਜਿਹੇ ਗਾਇਕਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜੋ ਇਸ ਤਰ੍ਹਾ ਦੇ ਸੰਗੀਤ ਗਾਉਂਦੇ ਹਨ।

ਜੇ ਬੱਸਾਂ ਵਿਚ ਵਜਾਏ ਅਸ਼ਲੀਲ ਗਾਣੇ ਤਾਂ ਪੈਣਗੇ ਜੁਰਮਾਨੇ ਭਾਰੀ

ਜੇ ਬੱਸਾਂ ਵਿਚ ਵਜਾਏ ਅਸ਼ਲੀਲ ਗਾਣੇ ਤਾਂ ਪੈਣਗੇ ਜੁਰਮਾਨੇ ਭਾਰੀ #Buses #PrivateBuses #PunBus #Songs #PunjabiSongs

Posted by Living India News on Thursday, February 13, 2020

LEAVE A REPLY