ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਸ ਮਹੀਨੇ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੇ ਆਈਪੀਐਲ 2020 ਤੋਂ ਪਹਿਲਾਂ ਹੀ ਚੇਨੰਈ ਸੁਪਰ ਕਿੰਗਜ਼(ਸੀਐਸਕੇ) ਨੂੰ ਝਟਕੇ ਉੱਤੇ ਝਟਕੇ ਲੱਗ ਰਹੇ ਹਨ। ਦਰਅਸਲ ਟੀਮ ਦੇ ਵੱਡੇ ਬੱਲੇਬਾਜ਼ ਸੁਰੇਸ਼ ਰੈਨਾ ਪਹਿਲਾਂ ਹੀ ਟੀਮ ਦਾ ਸਾਥ ਛੱਡ ਕੇ ਭਾਰਤ ਪਰਤ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ ਟੀਮ ਦੇ ਵੱਡੇ ਖਿਡਾਰੀ ਹਰਭਜਨ ਸਿੰਘ ਨੇ ਵੀ ਇਹ ਆਈਪੀਐਲ ਨਾ ਖੇਡਣ ਦਾ ਫੈਸਲਾ ਕੀਤਾ ਹੈ।

ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਹਰਭਜਨ ਸਿੰਘ ਕੁੱਝ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਹੇ ਆਈਪੀਐਲ 2020 ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਸੀਐਸਕੇ ਮੈਨੇਜਮੈਂਟ ਨੂੰ ਵੀ ਦੇ ਦਿੱਤੀ ਹੈ। ਭੱਜੀ ਨੇ ਟੂਰਨਾਮੈਂਟ ਤੋਂ ਹੱਟਣ ਪਿੱਛੇ ਆਪਣੇ ਨਿੱਜੀ ਕਾਰਨਾਂ ਹਵਾਲਾ ਦਿੱਤੀ ਹੈ, ਹਾਲਾਂਕਿ ਇਸ ਬਾਰੇ ਹਰਭਜਨ ਸਿੰਘ ਵੱਲੋਂ ਅਧਿਕਾਰਕ ਤੌਰ ਉੱਤੇ ਕੁੱਝ ਵੀ ਨਹੀਂ ਕਿਹਾ ਗਿਆ ਹੈ ਪਰ ਪਹਿਲਾਂ ਤੋਂ ਹੀ ਭੱਜੀ ਦੇ ਖੇਡਣ ਨੂੰ ਲੈ ਕੇ ਕੋਈ ਤਰ੍ਹਾਂ ਦੀ ਚਰਚਾਵਾਂ ਚੱਲ ਰਹੀਆਂ ਸਨ। ਉਹ ਟੀਮ ਦੇ ਬਾਕੀ ਖਿਡਾਰੀਆਂ ਨਾਲ ਯੂਏਈ ਵੀ ਨਹੀਂ ਗਏ ਸਨ। ਭੱਜੀ ਕੁੱਝ ਦਿਨਾਂ ਦੀ ਦੇਰੀ ਨਾਲ ਯੂਏਈ ਪਹੁੰਚੇ ਸਨ। ਉੱਥੇ ਹੀ ਭੱਜੀ ਦਾ ਟੂਰਨਾਮੈਂਟ ਵਿਚ ਨਾ ਖੇਡਣਾ ਚੇਨੰਈ ਸੁਪਰ ਕਿੰਗਜ਼ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਦੱਸ ਦਈਏ ਕਿ ਸੁਰੇਸ਼ ਰੈਨਾ ਵੀ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਇਸ ਟੂਰਨਾਮੈਂਟ ਵਿਚ ਖੇਡਣ ਤੋਂ ਪਿੱਛੇ ਹੱਟ ਗਏ ਹਨ ਜਿਸ ਗੱਲ ਦੀ ਜਾਣਕਾਰੀ ਖੁਦ ਸੀਐਸਕੇ ਨੇ ਦਿੱਤੀ ਸੀ।

ਸੀਐਸ ਕੇ ਸੀਈਓ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਭਾਰਤ ਵਾਪਸ ਪਰਤ ਚੁੱਕੇ ਹਨ ਅਤੇ ਉਹ ਆਈਪੀਐਲ 2020 ਵਿਚ ਉੱਪਲਬਧ ਨਹੀਂ ਹੋਣਗੇ। ਚੇਨੰਈ ਸੁਪਰ ਕਿੰਗਜ਼ ਇਸ ਦੌਰਾਨ ਸੁਰੇਸ਼ ਅਤੇ ਉਸ ਦੇ ਪਰਿਵਾਰ ਨੂੰ ਪੂਰਾ ਸਮੱਰਥਨ ਦੇਵੇਗੀ”। ਉੱਥੇ ਹੀ ਦੂਜੇ ਪਾਸ ਮੀਡੀਆ ਵਿਚ ਇਹ ਵੀ ਖਬਰਾਂ ਆਈਆਂ ਸਨ ਕਿ ਯੂਏਈ ਵਿਚ ਹੋਟਲ ਦੇ ਕਮਰੇ ਨੂੰ ਲੈ ਕੇ ਉਨ੍ਹਾਂ ਦਾ ਚੇਨੰਈ ਸੁਪਰ ਕਿੰਗਜ਼ ਦੇ ਪ੍ਰਬੰਧਕ ਨਾਲ ਵਿਵਾਦ ਹੋ ਗਿਆ ਸੀ ਜਿਸ ਕਰਕੇ ਉਹ ਭਾਰਤ ਵਾਪਸ ਪਰਤ ਆਏ। ਟੂਰਨਾਮੈਂਟ ਤੋਂ ਪਹਿਲਾਂ ਹੀ ਚੇਨੰਈ ਦੀ ਸਥਿਤੀ ਇਸ ਕਦਰ ਖਰਾਬ ਚੱਲ ਰਹੀ ਹੈ ਕਿ ਉਨ੍ਹਾਂ ਦੇ ਦੋ ਖਿਡਾਰੀਆਂ ਨੂੰ ਮਿਲਾ ਕੇ ਸਟਾਫ ਦੇ ਕੁੱਲ 13 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ।

LEAVE A REPLY