ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਤੋਂ ਸਿਹਤ ਵਿਭਾਗ ਦੇ ਇਕ ਕਰਮਚਾਰੀ ਨਾਲ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ ਸਿਹਤ ਵਿਭਾਗ ਦਾ ਇਕ ਫੀਲਡ ਵਰਕਰ ਇਕ ਡੇਰੇ ਅੰਦਰ ਰਹਿੰਦੇ ਕੁੱਝ ਕੋਰੋਨਾ ਦੇ ਸ਼ੱਕੀ ਲੋਕਾਂ ਨੂੰ ਟੈਸਟ ਕਰਵਾਉਣ ਲਈ ਰਾਜ਼ੀ ਕਰਨ ਗਿਆ ਸੀ ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਪੀੜਤ ਮਸਤਾਨ ਸਿੰਘ ਸਬ ਸੈਂਟਰ ਜਰਖੜ ਸਥਿਤ ਮਲਟੀਪਰਪਜ਼ ਹੈਲਥ ਵਰਕਰ ਦੇ ਤੌਰ ਉੱਤੇ ਕੰਮ ਕਰਦਾ ਹੈ।  ਬੀਤੇ ਦਿਨ ਡਾਕਟਰ ਅਮਿਤ ਅਰੋੜਾ ਦੁਆਰਾ ਉਸਨੂੰ ਕਸਬਾ ਡੇਹਲੋਂ ਦੇ ਪਿੰਡ ਖਾਨਪੁਰ ਸਥਿਤ ਇਕ ਡੇਰੇ ਅੰਦਰ ਰਹਿੰਦੇ ਲੋਕਾਂ ਨੂੰ ਕੋਰੋਨਾ ਦੇ ਸ਼ੱਕ ਕਾਰਨ ਟੈਸਟ ਕਰਵਾਉਣ ਲਈ ਰਾਜ਼ੀ ਕਰਨ ਵਾਸਤੇ ਭੇਜਿਆ ਸੀ। ਮਸਤਾਨ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਟੈਸਟ ਕਰਵਾਉਣ ਲਈ ਤਿਆਰ ਹੋ ਗਏ ਪਰ ਬਾਅਦ ਵਿਚ ਉਸ ਨਾਲ ਕੁੱਟਮਾਰ ਕਰਨ ਲੱਗੇ ਅਤੇ ਉਸ ਨੂੰ ਬੰਧਕ ਵੀ ਬਣਾ ਲਿਆ। ਮਸਤਾਨ ਸਿੰਘ ਮੁਤਾਬਕ ਡੇਰੇ ਵਿਚ ਮੌਜੂਦ ਲੋਕ ਉਸ ਨੂੰ ਵੱਢਣ ਅਤੇ ਬਲੀ ਦੇਣ ਤੱਕ ਦੀ ਧਮਕੀ ਦੇ ਰਹੇ ਸਨ। ਉੱਥੇ ਹੀ ਡਾਕਟਰ ਅਮਿਤ ਅਰੋੜਾ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਡੇਰੇ ਵਿਚ ਕੋਰੋਨਾ ਦੇ ਸ਼ੱਕੀ ਮਰੀਜ਼ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮਸਤਾਨ ਸਿੰਘ ਨੂੰ ਡੇਰੇ ਵਿਚ ਰਹਿ ਲੋਕਾਂ ਨੂੰ ਟੈਸਟ ਕਰਵਾਉਣ ਲਈ ਮਨਾਉਣ ਵਾਸਤੇ ਭੇਜਿਆ ਜਿੱਥੇ ਉਸ ਨਾਲ ਬੁਰੀ ਤਰ੍ਹਾ ਕੁੱਟਮਾਰ ਕੀਤੀ ਗਈ। ਦੂਜੇ ਪਾਸੇ ਸਬ ਸੈਂਟਰ ਜਰਖੜ ਦੀ ਐਨਐਨਐਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਸਤਾਨ ਸਿੰਘ ਨਾਲ ਕੁੱਟਮਾਰ ਕਰਨ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਸ ਨੂੰ ਮੌਕੇ ਉੱਤੇ ਪਹੁੰਚ ਕੇ ਛਡਵਾਇਆ ਗਿਆ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਛੇ ਆਰੋਪੀਆਂ ਵਿਚੋਂ ਤਿੰਨ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਪੀੜਤ ਦੇ ਬਿਆਨਾਂ ਉੱਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

LEAVE A REPLY