ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣ ਚੁੱਕੀ ਹੈ। ਵੈਸੇ ਤਾਂ ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਕਹਿਰ ਨਾਲ ਨਾਲ ਜੂਝ ਰਹੇ ਹਨ ਪਰ ਸੰਯੁਕਤ ਰਾਜ ਅਮਰੀਕਾ ਇਸ ਵਾਇਰਸ ਦਾ ਸੱਭ ਤੋਂ ਵੱਧ ਸ਼ਿਕਾਰ ਹੋ ਰਿਹਾ ਹੈ। ਇੱਥੇ ਹੁਣ ਤੱਕ 32 ਲੱਖ ਤੋਂ ਵੱਧ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁਕੀ ਹੈ ਜਦਕਿ 1 ਲੱਖ 36 ਹਜ਼ਾਰ ਤੋਂ ਵੱਧ ਜਾਨਾਂ ਦਾ ਚੁੱਕੀਆਂ ਹਨ। ਅਮਰੀਕਾ ‘ਚ ਜਾਰੀ ਕੋਰੋਨਾ ਦੇ ਪ੍ਰਕੋਪ ਦਾ ਅਸਰ ਹੁਣ ਵਿਦੇਸ਼ਾਂ ਵਿਚ ਰਹਿ ਰਹੇ ਅਮਰੀਕੀ ਨਾਗਰਿਕਾਂ ਉੱਤੇ ਵੀ ਪੈਂਦਾ ਵਿਖਾਈ ਦੇ ਰਿਹਾ ਹੈ। ਦਰਅਸਲ ਅਜਿਹਾ ਹੀ ਇਕ ਅਮਰੀਕਾ ਨਾਗਰਿਕ ਭਾਰਤ ਵਿਚ ਵੀ ਰਹਿ ਰਿਹਾ ਹੈ ਜਿਸ ਦਾ ਕਹਿਣਾ ਹੈ ਕਿ ਅਮਰੀਕੀ ਸਰਕਾਰ ਇਸ ਮਹਾਂਮਾਰੀ ਸਮੇਂ ਭਾਰਤੀ ਸਰਕਾਰ ਦੀ ਤਰ੍ਹਾ ਆਪਣੇ ਨਾਗਰਿਕਾਂ ਦਾ ਖਿਆਲ ਨਹੀਂ ਰੱਖ ਰਹੀ। ਇਸ ਲਈ ਉਹ ਵਾਪਸ ਆਪਣੇ ਦੇਸ਼ ਨਹੀਂ ਜਾਣਾ ਚਾਹੁੰਦਾ ਹੈ।

ਖਬਰ ਏਜੰਸੀ ਏਐਨਆਈ ਅਨੁਸਾਰ 75 ਸਾਲਾਂ ਦੇ ਅਮਰੀਕੀ ਨਾਗਰਿਕ ਜੋਨੀ ਪਿਅਰਸ ਪਿਛਲੇ 5 ਮਹੀਨਿਆਂ ਤੋਂ ਕੇਰਲ ਦੇ ਕੋਚੀ ਵਿਚ ਰਹਿ ਰਹੇ ਹਨ। ਪਿਅਰਸ ਦਾ ਕਹਿਣਾ ਹੈ ਕਿ ”ਕੋਵਿਡ-19 ਕਰਕੇ ਅਮਰੀਕਾ ਵਿਚ ਅਫਰਾ-ਤਫਰੀ ਮਚੀ ਹੋਈ ਹੈ ਅਤੇ ਅਮਰੀਕੀ ਸਰਕਾਰ ਆਪਣੇ ਨਾਗਰਿਕਾਂ ਦਾ ਭਾਰਤ ਸਰਕਾਰ ਦੀ ਤਰ੍ਹਾ ਖਿਆਲ ਨਹੀਂ ਰੱਖ ਰਹੀ ਹੈ। ਇਸ ਲਈ ਮੈ ਇੱਥੇ ਰਹਿਣਾ ਚਾਹੁੰਦਾ ਹਾਂ”। ਪਿਅਰਸ ਨੇ ਕਿਹਾ ਕਿ ”ਕਾਸ਼ ਮੇਰਾ ਪਰਿਵਾਰ ਵੀ ਇੱਥੇ ਆ ਪਾਉਂਦਾ। ਇੱਥੇ ਜੋ ਕੁੱਝ ਹੋ ਰਿਹਾ ਹੈ, ਉਸ ਨਾਲ ਮੈ ਬਹੁਤ ਪ੍ਰਭਾਵਿਤ ਹੋਇਆ ਹਾਂ। ਅਮਰੀਕਾ ਵਿਚ ਲੋਕ ਕੋਵਿਡ -19 ਦੀ ਚਿੰਤਾ ਨਹੀਂ ਕਰ ਰਹੇ ਹਨ”। ਅਮਰੀਕੀ ਨਾਗਰਿਕ ਜੋਨੀ ਪਿਅਰਸ ਨੇ ਆਪਣੇ ਟੂਰਿਸਟ ਵੀਜ਼ੇ ਨੂੰ ਬਿਜਨੈਸ ਵੀਜ਼ਾ ਵਿਚ ਬਦਲਣ ਲਈ ਸੂਬੇ ਦੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਿਅਰਸ ਦਾ ਕਹਿਣਾ ਹੈ ਕਿ ”ਮੈ ਕੋਰਟ ਵਿਚ 180 ਹੋਰ ਦਿਨ ਇੱਥੇ ਰਹਿਣ ਲਈ ਪਟੀਸ਼ਨ ਦਾਖਲ ਕਰ ਰਿਹਾ ਹਾਂ। ਮੈ ਇੱਥੇ ਫਸਿਆ ਨਹੀਂ ਹੋਇਆ ਹੈ ਬਲਕਿ ਇੱਥੇ ਰਹਿਣਾ ਚਾਹੁੰਦਾ ਹਾਂ। ਮੈਨੂੰ ਕੇਰਲ ਪਸੰਦ ਹੈ। ਮੈ ਇੱਥੇ ਇਕ ਟੂਰਿਸਟ ਕੰਪਨੀ ਖੋਲ੍ਹਣੀ ਚਾਹੁੰਦਾ ਹਾਂ”।

LEAVE A REPLY