ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਪੇਸ਼ ਤਿੰਨ ਖੇਤੀਬਾੜੀ ਆਰਡੀਨੈਂਸ ਬਿੱਲਾਂ ਦੇ ਸੰਬੰਧ ਵਿਚ ਅੱਜ ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ 11 ਮੈਂਬਰੀ ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਹੈ ਅਤੇ ਸੰਸਦ ਵਿਚ ਪੇਸ਼ ਕੀਤੇ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਲਈ ਇੱਕ ਮੰਗ ਪੱਤਰ ਸੌਂਪਿਆ ਹੈ।

ਕਾਂਗਰਸ ਪਾਰਟੀ ਦੇ ਇਸ ਵਫਦ ਵਿਚ ਸੀਐਮ ਕੈਪਟਨ ਤੋਂ ਇਲਾਵਾ, ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ, ਕੁੱਝ ਮੰਤਰੀ ਅਤੇ ਵਿਧਾਇਕ ਸ਼ਾਮਲ ਸਨ। ਉੱਥੇ ਹੀ ਰਾਜਪਾਲ ਨੂੰ ਮੰਗ ਪੱਤਰ ਸੌਪਣ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰਡੀਨੈਸਾਂ ਦੇ ਮਸਲੇ ਉੱਤੇ ਪੰਜਾਬ ਦੀ ਸਲਾਹ ਨਹੀਂ ਲਈ ਗਈ ਹੈ ਅਤੇ ਇਸ ਮਸਲੇ ਉੱਤੇ ਪੰਜਾਬ ਵਿਚ ਰੋਸ ਜਾਗੇਗਾ ਜਿਸ ਕਰਕੇ ਕੁੱਝ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸ ਨਾ ਲਿਆਉਣ ਲਈ ਉਹ ਪੀਐਮ ਮੋਦੀ ਨੂੰ ਤਿੰਨ ਚਿੱਠੀਆਂ ਵੀ ਲਿਖ ਚੁੱਕੇ ਹਨ ਪਰ ਬਾਵਜੂਦ ਇਸ ਦੇ ਸਰਕਾਰ ਦੁਆਰਾ ਆਰਡੀਨੈਂਸ ਲਿਆਏ ਗਏ ਹਨ, ਜਿਨ੍ਹਾਂ ਵਿਚੋਂ ਇਕ ਪਾਸ ਵੀ ਕਰ ਦਿੱਤਾ ਗਿਆ ਹੈ। ਸੀਐਮ ਕੈਪਟਨ ਨੇ ਕਿਹਾ ਕਿ ਪੰਜਾਬ ਵਿਚ 75 ਫੀਸਦੀ ਕਿਸਾਨੀ 5 ਏਕੜ ਤੋਂ ਘੱਟ ਵਾਲੀ ਹੈ ਅਤੇ ਇਨ੍ਹਾਂ ਆਰਡੀਨੈਂਸਾਂ ਦਾ ਕਿਸਾਨਾਂ ਨੂੰ ਨੁਕਸਾਨ ਹੋਵੇਗਾ ਤੇ ਫਸਲਾਂ ਦੇ ਭਾਅ ਗਿਰਣਗੇ ਜਿਸ ਕਰਕੇ ਰਾਜਪਾਲ ਨੂੰ ਮਿਲ ਕੇ ਇਹ ਆਰਡੀਨੈਂਸ ਵਾਪਸ ਲੈਣ ਲਈ ਇਕ ਮੰਗ ਪੱਤਰ ਸੌਪਿਆ ਗਿਆ ਹੈ।

ਦੱਸ ਦਈਏ ਕਿ ਕਿਸਾਨਾਂ ਦੁਆਰਾ ਇਨ੍ਹਾਂ ਆਰਡੀਨੈਂਸਾਂ ਦਾ ਲਗਾਤਾਰ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ। ਡੀਸੀ ਦਫਤਰਾਂ ਅੱਗੇ ਧਰਨੇ ਦੇਣ, ਜੇਲ੍ਹ ਭਰੋਂ ਅੰਦੋਲਨ ਤਹਿਤ ਜੇਲ੍ਹ ਅੱਗੇ ਪ੍ਰਦਰਸ਼ਨ ਕਰਨ ਮਗਰੋਂ ਬੀਤੇ ਦਿਨ ਕਿਸਾਨਾਂ ਨੇ ਆਰਡੀਨੈਂਸਾਂ ਦੇ ਵਿਰੋਧ ਵਿਚ ਨੈਸ਼ਨਲ ਹਾਈਵੇ ਜਾਮ ਕੀਤੇ ਸਨ ਅਤੇ ਅੱਜ ਵੀ ਕਿਸਾਨਾਂ ਦੁਆਰਾ ਵੱਖ-ਵੱਖ ਥਾਵਾਂ ਉੱਤੇ ਧਰਨੇ ਦਿੱਤੇ ਜਾ ਰਹੇ ਹਨ।

LEAVE A REPLY