ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਨੂੰ ਉੱਥੋਂ ਦੀ ਕੋਰਟ ਨੇ 40 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਉੱਤੇ ਅਮਰੀਕੀ ਕਾਂਗਰਸ ਨੂੰ ਝੂਠ ਬੋਲ ਕੇ ਗੁਮਰਾਹ ਕਰਨ ਦੇ ਦੋਸ਼ ਲੱਗੇ ਹਨ ਜਿਸ ਦੇ ਚਲਦਿਆਂ ਕੋਰਟ ਨੇ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਹੈ ਪਰ ਅਦਾਲਤ ਦੇ ਇਸ ਫ਼ੈਸਲੇ ਤੋਂ ਰਾਸ਼ਟਰਪਤੀ ਟਰੰਪ ਨਾਖੁਸ਼ ਨਜ਼ਰ ਆਏ ਹਨ।

ਮੀਡੀਆ ਰਿਪੋਰਟਾ ਅਨੁਸਾਰ ਅਮਰੀਕੀ ਚੋਣਾਂ ਵਿਚ ਹੋਈ ਗੜਬੜੀ ਦੀ ਜਾਂਚ ਕਰ ਰਹੀ ਕੋਰਟ ਨੇ ਰੋਜਰ ਸਟੋਨ ਨੂੰ ਅਮਰੀਕੀ ਕਾਂਗਰਸ ਵਿਚ ਸੱਤ ਵਾਰ ਝੂਠ ਬੋਲ ਕੇ ਦੇਸ਼ ਨੂੰ ਗੁਮਰਾਹ ਕਰਨ, ਮਾਮਲੇ ਦੇ ਅਹਿਮ ਗਵਾਹਾ ਨੂੰ ਬਰਗਲਾਉਣ ਅਤੇ ਜਾਂਚ ਵਿਚ ਵਿਘਨ ਪਾਉਣ ਦੇ ਆਰੋਪ ਵਿਚ 40 ਮਹੀਨੇ ਦੀ ਜੇਲ੍ਹ ਅਤੇ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਦਰਅਸਲ ਸਾਲ 2016 ਵਿਚ ਹੋਈ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਕਾਫ਼ੀ ਵਿਵਾਦਾਂ ਵਿਚ ਰਹੀਆਂ ਸਨ। ਇਨ੍ਹਾਂ ਚੋਣਾਂ ਵਿਚ ਰੂਸ ਉੱਤੇ ਟਰੰਪ ਦੀ ਮਦਦ ਕਰਨ ਦੇ ਆਰੋਪ ਲੱਗਦੇ ਰਹੇ ਸਨ ਪਰ ਇਨ੍ਹਾਂ ਆਰੋਪਾਂ ਨੂੰ ਟਰੰਪ ਝੂਠਾ ਕਰਾਰ ਦਿੰਦੇ ਰਹੇ ਸਨ ਅਤੇ ਅਦਾਲਤ ਨੇ ਵੀ ਇਸ ਦੀ ਹੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਜਿਸ ਵਿਚ ਰੋਜਰ ਉੱਤੇ ਇਹ ਦੋਸ਼ ਸਾਬਤ ਹੋਇਆ ਹੈ ਕਿ ਉਨ੍ਹਾਂ ਨੇ ਰਿਪਬਲੀਕਨ ਪਾਰਟੀ ਅਤੇ ਰੂਸ ਦੇ ਸਬੰਧਾਂ ਨੂੰ ਲੈ ਕੇ ਕਈ ਵਾਰ ਝੂਠ ਬੋਲਿਆ ਅਤੇ ਦੇਸ਼ ਨੂੰ ਗੁਮਰਾਹ ਕੀਤਾ ਹੈ ਜੋ ਕਿ ਕਾਨੂੰਨ ਦੇ ਵਿਰੁੱਧ ਹੈ।

ਰੋਜਰ ਸਟੋਨ ਅਮਰੀਕੀ ਰਾਸ਼ਟਰਪਤੀ ਦੇ ਬਹੁਤ ਹੀ ਕਰੀਬੀ ਅਤੇ ਸਲਾਹਕਾਰ ਸਨ। ਇਸ ਲਈ ਕੋਰਟ ਦੇ ਸੁਣਾਏ ਫੈਸਲੇ ਤੋਂ ਬਾਅਦ ਟਰੰਪ ਅਸੰਤੁਸ਼ਟ ਨਜ਼ਰ ਆਏ ਅਤੇ ਇਸ ਨੂੰ ਰਾਜਨੀਤਿਕ ਫੈਸਲਾ ਕਰਾਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਰੋਜਰ ਉੱਪਰਲੀ ਅਦਾਲਤ ਵਿਚ ਅਪੀਲ ਕਰਕੇ ਇਕ ਵਾਰ ਫਿਰ ਵਾਪਸੀ ਕਰਨਗੇ।

 

LEAVE A REPLY