ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਵਿਚ ਇਸ ਸਾਲ 3 ਨਵੰਬਰ ਨੂੰ ਰਾਸ਼ਟਰਪਤੀ ਅਹੁੱਦੇ ਲਈ ਵੋਟਾਂ ਪੈਣੀਆਂ ਹਨ ਜਿਸ ਕਰਕੇ ਕੋਰੋਨਾ ਮਹਾਂਮਾਰੀ ਵਿਚਾਲੇ ਚੋਣ ਪ੍ਰਚਾਰ ਵੀ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਪਰ ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਸੱਤਾ ਦੇ ਸ਼ਾਂਤੀਪੂਰਨ ਤਬਾਦਲੇ ਦੀ ਗਾਰੰਟੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਕ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਜੇਕਰ ਚੋਣਾਂ ਵਿਚ ਉਹ ਆਪਣੇ ਮੁਕਾਬਲੇਬਾਜ਼ ਜੋ ਬਿਡੇਨ ਤੋਂ ਹਾਰ ਜਾਂਦੇ ਹਨ ਤਾਂ ਪਾਵਰ ਟ੍ਰਾਂਸਫਰ ਕਰਨਾ ਕਿੰਨਾ ਆਸਾਨ ਹੋਵੇਗਾ? ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ”ਕੋਈ ਗਾਰੰਟੀ ਨਹੀਂ ਦੇ ਸਕਦੇ। ਅਸੀ ਇਹ ਦੇਖਦੇ ਹਾਂ ਕਿ ਅੱਗੇ ਕੀ ਹੋਵੇਗਾ”। ਕੋਰੋਨਾ ਮਹਾਂਮਾਰੀ ਕਾਰਨ ਸਪੱਸ਼ਟ ਤੌਰ ਉੱਤੇ ਮੇਲ-ਇਨ ਬੈਲਟ ਦੇ ਵੱਧਦੇ ਉਪਯੋਗ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਕਿਹਾ ”ਤੁਸੀ ਜਾਣਦੇ ਹੋ ਕਿ ਬੈਲਟ ਪੇਪਰਾਂ ਦੇ ਬਾਰੇ ਮੇਰੀ ਬਹੁਤ ਸਖਤ ਸ਼ਿਕਾਇਤ ਹੈ। ਇਹ ਬੈਲਟ ਪੇਪਰ ਇਕ ਤਬਾਹੀ ਹਨ”। ਟਰੰਪ ਅਕਸਰ ਦਾਅਵਾ ਕਰਦੇ ਹਨ ਕਿ ਮੇਲ-ਇਨ ਬੈਲਟ ਵੱਡੇ ਪੱਧਰ ਉੱਤੇ ਧੋਖਾਧੜੀ ਦਾ ਸਾਧਨ ਹਨ ਅਤੇ ਡੈਮੋਕ੍ਰੇਟ ਦੁਆਰਾ ਵੱਡੇ ਪੱਧਰ ਉੱਤੇ ਧਾਂਦਲੀ ਕਰਨ ਲਈ ਇਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਟਰੰਪ ਨੇ ਅੱਗੇ ਕਿਹਾ ਕਿ ”ਬੈਲਟ ਪੇਪਰ ਤੋਂ ਛੁਟਕਾਰਾ ਪਾਓ, ਤੁਹਾਡੇ ਕੋਲ ਸ਼ਾਂਤੀ ਹੋਵੇਗੀ। ਸੱਤਾ ਵਿਚ ਤਬਾਦਲਾ ਨਹੀਂ ਹੋਵੇਗਾ। ਸਪੱਸ਼ਟ ਤੌਰ ਉੱਤੇ ਕਹਿ ਰਿਹਾ ਹਾਂ ਇੱਕ ਨਿਰੰਤਰਤਾ ਹੋਵੇਗੀ”।  ਦੱਸ ਦਈਏ ਕਿ ਅਮਰੀਕਾ ਵਿਚ ਜ਼ਿਆਦਾਤਰ ਸੂਬੇ ਕੋਰੋਨਾ ਵਾਇਰਸ ਕਰਕੇ ਲੋਕਾਂ ਦੀ ਸੁਰੱਖਿਆ ਲਈ ਮੇਲ ਦੇ ਜਰੀਏ ਵੋਟਿੰਗ ਕਰਵਾਉਣ ਦੇ ਪੱਖ ਵਿਚ ਹਨ। ਉੱਥੇ ਹੀ ਰਾਸ਼ਟਰਪਤੀ ਚੋਣਾਂ ਵਿਚ 41 ਦਿਨਾਂ ਦਾ ਸਮਾਂ ਬਾਕੀ ਹੈ ਅਤੇ ਹੁਣ ਤੱਕ ਟਰੰਪ ਨੈਸ਼ਨਲ ਓਪੀਨੀਅਨ ਪੋਲ ਵਿਚ ਡੈਮੋਕਰੇਟਿਕ ਪਾਰਟੀ ਦੇ ਜੋ ਬਿਡੇਨ ਤੋਂ ਪਿੱਛੇ ਚੱਲ ਰਹੇ ਹਨ।

LEAVE A REPLY