ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਫਰਾਂਸ ਤੋਂ ਤਿਆਰ ਹੋ ਕੇ ਜੁਲਾਈ ਦੇ ਅਖੀਰ ਵਿਚ ਭਾਰਤੀ ਹਵਾਈ ਫੌਜ ਦਾ ਹਿੱਸਾ ਬਣਨ ਲਈ ਅੰਬਾਲਾ ਪਹੁੰਚੇ ਰਾਫੇਲ ਲੜਾਕੂ ਜਹਾਜ਼ਾਂ ਉੱਤੇ ਏਅਰਬੇਸ ਵਿਚ ਹੀ ਖਤਰਾ ਪੈਦਾ ਹੋ ਗਿਆ ਹੈ। ਰਾਫੇਲ ਨੂੰ ਕਿਸੇ ਹੋਰ ਤੋਂ ਨਹੀਂ ਬਲਕਿ ਅੰਬਾਲਾ ਏਅਰਬੇਸ ਦੇ ਨੇੜੇ-ਤੇੜੇ ਉੱਡ ਰਹੇ ਕਬੂਤਰਾਂ ਤੋਂ ਖਤਰਾ ਹੈ ਜਿਸ ਨੂੰ ਲੈ ਕੇ ਰਾਫੇਲ ਦੀ ਸੁਰੱਖਿਆ ਵਿਚ ਤਾਇਨਾਤ ਏਅਰ ਮਾਰਸ਼ਲ ਮਾਨਵਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਅਤੇ ਏਅਰਬੇਸ ਦੇ ਨੇੜੇ ਤੇੜ ਉੱਡਣ ਵਾਲੇ ਪੰਛੀਆਂ ਨੂੰ ਰਾਫੇਲ ਜਹਾਜ਼ਾਂ ਲਈ ਖਤਰਾ ਦੱਸਿਆ ਤੇ ਕਾਰਵਾਈ ਦੀ ਮੰਗ ਕੀਤੀ।

ਮੀਡੀਆ ਰਿਪੋਰਟਾਂ ਅਨੁਸਾਰ ਏਅਰ ਮਾਰਸ਼ਲ ਦੀ ਚਿੱਠੀ ਉੱਤੇ ਤੁਰੰਤ ਐਕਸ਼ਨ ਲੈਂਦਿਆਂ ਹਰਿਆਣਾ ਦੇ ਅਰਬਨ ਬਾਡੀਜ਼ ਡਾਇਰੈਕਟੋਰੇਟ ਨੇ ਹਵਾਈ ਸੈਨਾ ਦੇ ਬੇਸ ਦੇ 10 ਕਿਲੋਮੀਟਰ ਦੇ ਘੇਰੇ ਵਿਚ ਕਬੂਤਰ ਉਡਾਉਣ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਕਬੂਤਰ ਉਡਾਏ ਗਏ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਏਅਰ ਮਾਰਸ਼ਲ ਨੇ 5 ਅਗਸਤ ਨੂੰ ਇਹ ਪੱਤਰ ਲਿਖਿਆ ਸੀ ਜਿਸ ਤੋਂ ਬਾਅਦ ਇਹ ਚਿੱਠੀ ਹਵਾਈ ਫੌਜ ਦੇ ਮੁੱਖ ਦਫਤਰ ਤੋਂ 17 ਅਗਸਤ ਨੂੰ ਭੇਜੀ ਗਈ ਅਤੇ 28 ਅਗਸਤ ਨੂੰ ਸ਼ਹਿਰੀ ਸਥਾਨਕ ਵਿਭਾਗ ਨੇ ਅੰਬਾਲਾ ਨਗਰ ਨਿਗਮ ਨੂੰ ਇਸ ਸਬੰਧ ਵਿਚ ਪੱਤਰ ਲਿਖਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਨੇ 28 ਅਗਸਤ ਨੂੰ ਹੀ ਲੋਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ। ਅੰਬਾਲਾ ਨਗਰ ਨਿਗਮ ਦੇ ਪ੍ਰੋਜੈਕਟ ਅਫਸਰ ਅਨਿਲ ਰਾਣਾ ਨੇ ਦੱਸਿਆ ਕਿ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਨੇ ਅੰਬਾਲਾ ਏਅਰਬੇਸ ਦੇ ਨੇੜੇ ਉੱਡਣ ਵਾਲੇ ਕਬੂਤਰਾਂ ਨੂੰ ਰਾਫੇਲ ਲਈ ਖਤਰਾ ਦੱਸਿਆ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ 29 ਜੁਲਾਈ ਨੂੰ 5 ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਫਰਾਂਸ ਤੋਂ ਭਾਰਤ ਪਹੁੰਚੀ ਸੀ ਅਤੇ ਉਦੋਂ ਤੋਂ ਹੀ ਇਹ ਲੜਾਕੂ ਜਹਾਜ਼ ਅੰਬਾਲਾ ਏਅਰਬੇਸ ਉੱਤੇ ਤਾਇਨਾਤ ਹਨ।

LEAVE A REPLY