ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਭਾਰਤ ਵਿਚ ਹੁਣ ਤੱਕ 95,527 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 48.07 ਫ਼ੀਸਦੀ ਹੈ ਅਤੇ ਕੋਰੋਨਾ ਕਾਰਨ ਮੌਤ ਦਰ 2.82 ਫ਼ੀਸਦੀ ਹੈ ਜੋ ਕਿ ਦੁਨੀਆ ਵਿਚ ਸੱਭ ਤੋਂ ਘੱਟ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫੰਰਸ ਕਰਕੇ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਹੈ ਕਿ ਭਾਰਤ ਵਿਚ ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚੋਂ 73 ਫ਼ੀਸਦੀ ਲੋਕਾਂ ਨੂੰ ਕੋਈ ਨਾ ਕੋਈ ਬੀਮਾਰੀ ਸੀ। ਅਗਰਵਾਲ ਅਨੁਸਾਰ ”ਜੇਕਰ ਕਿਸੇ ਨੂੰ ਪਹਿਲਾਂ ਤੋਂ ਹੀ ਕੋਈ ਬੀਮਾਰੀ ਹੈ ਤਾਂ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਆਪਣੀ ਸਥਿਤੀ ਨੂੰ ਸੁਧਾਰਨ ਅਤੇ ਦਵਾਈ ਲੈਂਦੇ ਰਹਿਣ। ਅਸੀ ਸੂਬਿਆਂ ਨੂੰ ਕਿਹਾ ਹੈ ਕਿ ਜੇਕਰ ਕੋਈ ਕੋਰੋਨਾ ਦਾ ਕੇਸ ਆਵੇ ਤਾਂ ਉਸ ਨੂੰ ਪਹਿਚਾਣੋ ਅਤੇ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਟਰੇਸ ਕਰੋ”। ਲਵ ਅਗਰਵਾਲ ਨੇ ਦੱਸਿਆ ਕਿ ”ਸੂਬਾ ਅਤੇ ਕੇਂਦਰ ਸਰਕਾਰ ਵਿਚਾਲੇ ਕਿਸੇ ਤਰ੍ਹਾ ਦਾ ਮਤਭੇਦ ਨਹੀਂ ਹੈ। ਪੂਰੇ ਦੇਸ਼ ਨੇ ਵੇਖਿਆ ਹੈ ਕਿ ਸਾਰਿਆਂ ਨੇ ਮਿਲ ਕੇ ਕਿਸ ਤਰ੍ਹਾ ਕੰਮ ਕੀਤਾ ਹੈ ਅਤੇ ਇਸ ਦੇ ਨਤੀਜ਼ੇ ਵੀ ਮਿਲੇ ਹਨ”। ਉਨ੍ਹਾਂ ਨੇ ਕਿਹਾ ਕਿ ਅਨਲਾਕ ਫੇਜ਼ ਇਕ ਵਿਚ ਸਾਨੂੰ ਸੱਭ ਨੂੰ ਮਿਲ ਕੇ ਇਸ ਸਥਿਤੀ ਦਾ ਮੁਕਾਬਲਾ ਕਰਨਾ ਹੈ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਹਰ ਨਾਗਰਿਕ ਨੂੰ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਹੈ। ਉੱਥੇ ਹੀ ਪੀਸੀ ਵਿਚ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 681 ਲੈੱਬਾਂ ਵਿਚ ਰੋਜ਼ਾਨਾ 1 ਲੱਖ 20 ਹਜ਼ਾਰ ਕੋਰੋਨਾ ਦੇ ਟੈਸਟ ਹੋ ਰਹੇ ਹਨ। ਇਨ੍ਹਾਂ ਵਿਚੋਂ 476 ਲੈੱਬਾਂ ਸਰਕਾਰੀ ਅਤੇ 205 ਪ੍ਰਾਈਵੇਟ ਹਨ। ਆਈਸੀਐਮਆਰ ਅਨੁਸਾਰ ਕੋਵਿਡ 19 ਟੈਸਟਿੰਗ ਵਧਾਉਣ ਲਈ ਅਸੀ ਆਪਣੀ ਯੋਗਤਾ ਲਗਾਤਾਰ ਵਧਾ ਰਹੇ ਹਾਂ।

LEAVE A REPLY