ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ‘ਚ ਐੱਲਓਸੀ ਵਿਖੇ ਗਸ਼ਤ ਕਰਦੇ ਹੋਏ ਸਿਪਾਹੀ ਬਰਫ ਖਿਸਕਣ ਕਾਰਣ ਹੇਠਾਂ ਦੱਬ ਜਾਣ ਨਾਲ ਸ਼ਹੀਦ ਹੋ ਗਏ। ਉਨ੍ਹਾਂ ਸ਼ਹੀਦਾਂ ਵਿਚੋਂ 45ਰਾਸ਼ਟਰੀ ਰਾਇਫਲ ਦੇ ਜਵਾਨ ਰਣਜੀਤ ਸਿੰਘ ਸਲਾਰੀਆ ਦੀ ਮ੍ਰਿਤਕ ਦੇਹ ਸ਼ੁਕਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਿੱਧਪੁਰ ਲਿਆਈ ਗਈ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸ਼ਹੀਦ ਨੂੰ ਮੁੱਖ ਅਗਨੀਂ ਉਸ ਦੀ ਤਿੰਨ ਮਹੀਨਿਆਂ ਦੀ ਬੱਚੀ ਵਲੋਂ ਦਿੱਤੀ ਗਈ। 
ਸ਼ਹੀਦ ਰਣਜੀਤ ਸਿੰਘ ਸਲਾਰੀਆ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੇ ਕਿਹਾ ਸਾਨੂੰ ਇਸ ਜਵਾਨ ਉਤੇ ਮਾਣ ਹੈ ਕਿ, ਇਸਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਉਨ੍ਹਾਂ ਕਿਹਾ ਕਿ, ਪੰਜਾਬ ਸਰਕਾਰ ਵਲੋਂ ਸ਼ਹੀਦ ਪਰਿਵਾਰ ਦੀ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇਗੀ ਅਤੇ ਉਸਦੀ ਯਾਦਗੀਰੀ ਵੀ ਬਣਾਈ ਜਾਵੇਗੀ।
Image result for Barfila Tufan
ਇੱਥੇ ਦੱਸ ਦੇਈਏ ਕਿ, ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ‘ਚ ਸਥਿਤ ਮਾਛਿੱਲ, ਉਰੀ ਸੈਕਟਰ ‘ਚ ਬਰਫੀਲੇ ਤੂਫਾਨ ਦੀ ਲਪੇਟ ‘ਚ ਆ ਕੇ ਫੌਜ ਦੇ 3 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਨ੍ਹਾਂ ਨੌਜਵਾਨਾਂ ‘ਚੋਂ ਇਕ ਗੁਰਦਾਸਪੁਰ ਦੇ ਦੀਨਾਨਗਰ ਸਥਿਤ ਪਿੰਡ ਸਿੱਧਪੁਰ, ਨਵਾਂ ਪਿੰਡ ਦੇ ਰਹਿਣ ਵਾਲੇ 26 ਸਾਲਾ ਰਣਜੀਤ ਸਿੰਘ ਸਲਾਰੀਆ ਵੀ ਹਨ, ਜੋ ਕਿ 45 ਰਾਸ਼ਟਰੀ ਰਾਈਫਲਸ ‘ਚ ਤਾਇਨਾਤ ਸਨ। ਰਣਜੀਤ ਸਲਾਰੀਆ ਦੇ ਘਰ ਪਿਛਲੇ ਸਾਲ ਦਸੰਬਰ ‘ਚ ਹੀ ਧੀ ਨੇ ਜਨਮ ਲਿਆ ਸੀ,ਜਿਸ ਦਾ ਮੂੰਹ ਦੇਖਣਾ ਰਣਜੀਤ ਨੂੰ ਨਸੀਬ ਨਾ ਹੋਇਆ।

ਇੱਥੇ ਵਰਣਨਯੋਗ ਹੈ ਕਿ, ਪਹਾੜਾਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਜਿਹੜੀ ਜਗ੍ਹਾ ਸੋਮਵਾਰ ਨੂੰ ਬਰਫ ਖਿਸਕੀ ਸੀ, ਉਥੇ  ਹਾਲਾਤ ਬਹੁਤ ਖਰਾਬ ਹੈ ਪਰ ਖਰਾਬ ਮੌਸਮ ਦੇ ਬਾਵਜੂਦ ਸਾਡੀ ਫੌਜ ਦੇਸ਼ ਦੀ ਰਾਖੀ ਲਈ ਮਜਬੂਤ ਦੀਵਾਰ ਬਣ ਕੇ ਖੜੀ ਹੋਈ ਹੈ ਅਤੇ ਉਨ੍ਹਾਂ ਦੇ ਹੌਸਲੇ ਹਾਲੇ ਵੀ ਬੁਲੰਦ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ, ਖਰਾਬ ਮੌਸਮ ਦੇ ਚਲਦਿਆਂ ਪਹਿਲਾਂ ਵੀ ਦੇਸ਼ ਦੇ ਕਈ ਜਵਾਨ ਸ਼ਹਾਦਤ ਪਾ ਚੁੱਕੇ ਹਨ।

 

LEAVE A REPLY