ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦਿੱਲੀ ਦੇ ਨਿਜ਼ਾਮੁਦੀਨ ਸਥਿਤ ਤਬਲੀਗੀ ਜਮਾਤ ਦੀ ਘਟਨਾ ਤੋਂ ਬਾਅਦ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਨੇ ਤੇਜ਼ੀ ਨਾਲ ਰਫਤਾਰ ਫੜੀ ਸੀ ਪਰ ਉੱਥੇ ਹੀ ਹਰਿਆਣਾ ਦੇ ਝੱਜਰ ਸਥਿਤ ਏਮਜ਼ ਵਿਚ ਇਕ ਤਬਲੀਗੀ ਜਮਾਤ ਦੇ ਮੈਂਬਰ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ਅਤੇ ਹਸਪਤਾਲ ‘ਚੋਂ ਛੁੱਟੀ ਮਿਲਣ ਮਗਰੋਂ ਉਸ ਨੇ ਕਿਹਾ ਹੈ ਕਿ ਉਹ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਜਰੂਰਤ ਪੈਣ ‘ਤੇ 10 ਵਾਰ ਆਪਣਾ ਪਲਾਜ਼ਮਾ ਡੋਨੇਟ ਕਰੇਗਾ।

ਤਬਲੀਗੀ ਜਮਾਤ ਦੇ ਮੈਂਬਰ ਅਰਸ਼ਦ ਮੁਹੰਮਦ ਦਾ ਕਹਿਣਾ ਹੈ ਕਿ ”ਮੈ ਕੋਰੋਨਾ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਦਿੰਦੇ ਹੋਏ 2 ਵਾਰ ਆਪਣਾ ਪਲਾਜ਼ਮਾ ਡੋਨੇਟ ਕੀਤਾ ਹੈ ਤਾਂ ਜੋ ਕੋੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ ਅਤੇ ਜੇਕਰ ਅੱਗੇ ਵੀ ਜਰੂਰਤ ਪੈਂਦੀ ਹੈ ਤਾਂ ਮੈ 10 ਵਾਰ ਵੀ ਆਪਣਾ ਪਲਾਜ਼ਮਾ ਡੋਨੇਟ ਕਰਾਂਗਾ”। ਅਰਸ਼ਦ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਅਮਰਾਵਤੀ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਇੱਥੇ ਹਸਪਤਾਲ ਵਿਚ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ। ਅਰਸ਼ਦ ਮੁਤਾਬਕ ਹਸਪਤਾਲ ਵਿਚ ਉਨ੍ਹਾਂ ਨੂੰ ਘਰ ਦੀ ਕਮੀ ਮਹਿਸੂਸ ਨਹੀਂ ਹੋਈ ਅਤੇ ਡਾਕਟਰਾਂ-ਨਰਸਾਂ ਨੇ ਉਨ੍ਹਾਂ ਦੀ ਬਹੁਤ ਵਧੀਆ ਦੇਖਭਾਲ ਕੀਤੀ ਨਾਲ ਹੀ ਆਪਣਿਆਂ ਵਰਗਾ ਵਤੀਰਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਨੂੰ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਅਰਸ਼ਦ ਨੇ ਦੱਸਿਆ ਕਿ ਉਹ ਰਮਜ਼ਾਨ ਦੀ ਨਮਾਜ਼ ਘਰਾਂ ਵਿਚ ਹੀ ਅਦਾ ਕਰਨਗੇ ਅਤੇ ਲਾਕਡਾਊਨ ਦੌਰਾਨ ਮਸਜਿਦਾਂ ਵਿਚ ਨਹੀਂ ਜਾਣਗੇ। ਜ਼ਿਕਰਯੋਗ ਹੈ ਕਿ ਅਰਸ਼ਦ ਦੀ ਇਲਾਜ ਤੋਂ ਬਾਅਦ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।

LEAVE A REPLY