ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਵਿਦੇਸ਼ ਜਾਣ ਦੀ ਹੋੜ ਇੰਨੇ ਵੱਡੇ ਪੱਧਰ ਉੱਤੇ ਹੋ ਗਈ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਲਈ ਵਿਦੇਸ਼ ਭੇਜਣਾ ਲੋਚਦਾ ਹੈ ਪਰ ਕਦੇਂ-ਕਦੇਂ ਨਕਲੀ ਏਜੰਟਾਂ ਦੇ ਧੱਕੇ ਚੜ੍ਹ ਜਾਣ ਕਰਕੇ ਉਹ ਧੋਖੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਪਰ ਅੱਜ ਕੱਲ੍ਹ ਵਿਦੇਸ਼ ਲਿਜਾਣ ਦੇ ਨਾਂ ਉੱਤੇ ਕੇਵਲ ਨਕਲੀ ਏਜੰਟ ਹੀ ਨਹੀਂ ਬਲਕਿ ਆਪਣੇ ਖੁਦ ਦੇ ਵੀ ਠੱਗੀ ਮਾਰ ਜਾਂਦੇ ਹਨ। ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਬਲੈਤ ਜਾਣ ਲਈ ਇਕ ਗਰੀਬ ਲੜਕੀ ਨਾਲ ਵਿਆਹ ਕਰਵਾਇਆ ਅਤੇ ਵਿਆਹ ਤੋਂ ਲੈ ਕੇ ਉਸ ਦੇ ਵਿਦੇਸ਼ ਜਾਣ ਤੱਕ ਦੀ ਪੜਾਈ ਦਾ ਖਰਚਾ ਖੁਦ ਉਠਾਇਆ ਪਰ ਕਿਸੇ ਕਾਰਨ ਫਾਈਲ ਰਿਫਿਊਜ਼ ਹੋਣ ਅਤੇ ਵੀਜ਼ਾ ਨਾ ਲੱਗਣ ਕਰਕੇ ਲੜਕੀ ਲੱਖਾਂ ਰੁਪਏ ਲੈ ਅਤੇ ਧੋਖਾ ਦੇ ਕੇ ਘਰੋਂ ਰੱਫੂ ਚੱਕਰ ਹੋ ਗਈ।

ਦਰਅਸਲ ਪਿੰਡ ਰੜੇਕੇ ਕਲਾ ਦਾ ਨੌਜਵਾਨ ਚਮਕੌਰ ਸਿੰਘ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ ਜਿਸ ਲਈ ਉਸਨੇ ਇਕ ਗਰੀਬ ਘਰ ਦੀ ਲੜਕੀ ਨਾਲ ਵਿਆਹ ਕਰਵਾਇਆ ਅਤੇ ਵਿਆਹ ਦਾ ਪੂਰਾ ਖਰਚਾ ਵੀ ਖੁਦ ਚੁੱਕਿਆ। ਇੰਨਾ ਹੀ ਨਹੀਂ ਚਮਕੌਰ ਸਿੰਘ ਨੇ ਆਪਣੀ ਘਰਵਾਲੀ ਦੀ IELTS ਵੀ ਆਪਣੇ ਖੁਦ ਦੇ ਖਰਚੇ ਉੱਤੇ ਕਰਵਾਈ ਅਤੇ ਵਿਦੇਸ਼ ਵਿਚ ਪੜਾਈ ਵਾਸਤੇ ਲਗਭਗ 13 ਲੱਖ ਰੁਪਏ ਫੀਸ ਉਸਦੇ ਅਕਾਊਂਟ ਵਿਚ ਜਮ੍ਹਾ ਕਰਵਾਈ। ਚਮਕੌਰ ਸਿੰਘ ਦਾ ਮੰਨਣਾ ਸੀ ਕਿ ਪਹਿਲਾਂ ਉਹ ਆਪਣੀ ਘਰਵਾਲੀ ਨੂੰ ਵਿਦੇਸ਼ ਭੇਜੇਗਾ ਜਿਸ ਤੋਂ ਬਾਅਦ ਉਹ ਉਸਨੂੰ ਵੀ ਵਿਦੇਸ਼ ਬੁਲਾ ਲੈਵੇਗੀ ਪਰ ਕਿਸੇ ਕਾਰਨ ਕਰਕੇ ਵੀਜ਼ਾ ਨਾ ਲੱਗਿਆ ਅਤੇ ਫਾਇਲ ਰਿਫਿਊਜ਼ ਹੋ ਗਈ। ਚਮਕੌਰ ਸਿੰਘ ਨੇ ਦੱਸਿਆ ਕਿ ਜਦੋਂ ਫਾਈਲ ਰਿਫਊਜ਼ ਹੋਈ ਤਾਂ ਪੂਰੀ ਫੀਸ ਰਿਫੰਡ ਹੋ ਗਈ ਪਰ ਉਸਦੀ ਘਰਵਾਲੀ ਨੇ ਉਹ ਸਾਰੇ ਪੈਸੇ ਕਢਵਾ ਕੇ ਆਪਣੇ ਕਿਸੇ ਹੋਰ ਨਿੱਜੀ ਖਾਤੇ ਵਿਚ ਜਮ੍ਹਾ ਕਰਵਾ ਲਏ ਅਤੇ ਘਰ ਛੱਡ ਕੇ ਆਪਣੇ ਪੇਕੇ ਘਰ ਚੱਲੀ ਗਈ। ਚਮਕੌਰ ਸਿੰਘ ਮੁਤਾਬਕ ਲੜਕੀ ਕੇਵਲ ਪੈਸੇ ਹੀ ਨਹੀਂ ਬਲਕਿ 4 ਤੋਲੇ ਸੋਨਾ,ਜ਼ਰੂਰੀ ਕਾਗਜਾਤ ਅਤੇ ਸਾਈਨ ਕੀਤੇ ਚੈੱਕ ਵੀ ਆਪਣੇ ਨਾਲ ਲੈ ਗਈ ਹੈ ਜਿਸ ਕਰਕੇ ਉਨ੍ਹਾਂ ਨਾਲ 20 ਤੋਂ 25 ਲੱਖ ਰੁਪਏ ਦੀ ਠੱਗੀ ਹੋ ਗਈ ਹੈ। ਪੀੜਤ ਲੜਕਾ ਹੁਣ ਆਪਣੀ ਘਰਵਾਲੀ ਅਤੇ ਸਹੁਰੇ ਪਰਿਵਾਰ ਵਿਰੁੱਧ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉੱਥੇ ਹੀ ਜਦੋਂ ਇਸ ਪੂਰੇ ਮਾਮਲੇ ਬਾਰੇ ਬਰਨਾਲਾ ਦੇ ਡੀਐਸਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਚਮਕੋਰ ਸਿੰਘ ਦੇ ਪਰਿਵਾਰ ਦੇ ਬਿਆਨਾਂ ਉੱਤੇ ਲੜਕੀ ਸਮੇਤ 4 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਕਾਰਵਾਈ ਕਰਕੇ ਆਰੋਪੀਆਂ ਨੂੰ ਗਿਰਫਤਾਰ ਕੀਤਾ ਜਾਵੇਗਾ।

LEAVE A REPLY