ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਂਧਰਾ ਪ੍ਰਦੇਸ਼ ਤੋਂ ਇਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਕੋਵਿਡ ਸੈਂਟਰ ਵਿਚ ਤਬਦੀਲ ਕੀਤੇ ਗਏ ਇਕ ਹੋਟਲ ‘ਚ ਅੱਗ ਲੱਗ ਗਈ,ਜਿਸ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਅੱਗ ਲੱਗਣ ਕਰਕੇ ਗੰਭੀਰ ਰੂਪ ਨਾਲ ਝੁਲਸੇ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿਚ ਸਵਰਨਾ ਹੋਟਲ ਨੂੰ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਵਰਤਿਆ ਜਾ ਰਿਹਾ ਸੀ ਅਤੇ ਤਕਰਬੀਨ ਸਵੇਰੇ 5 ਵਜੇ ਦੇ ਕਰੀਬ ਉੱਥੇ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਨੂੰ ਦੱਸਿਆ ਜਾ ਰਿਹਾ ਹੈ। ਇੱਥੇ 30 ਕੋਰੋਨਾ ਮਰੀਜ਼ਾਂ ਨੂੰ ਰੱਖਿਆ ਗਿਆ ਸੀ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਜਦੋਂ ਅੱਗ ਲੱਗੀ ਤਾਂ ਇੱਥੇ ਹੜਕੰਪ ਮਚ ਗਿਆ। 11 ਲੋਕਾਂ ਦੀ ਅੱਗ ਦੀ ਚਪੇਟ ਵਿਚ ਆਉਣ ਕਰਕੇ ਮੌਤ ਹੋ ਗਈ, ਜਦਕਿ 18 ਦੇ ਕਰੀਬ ਲੋਕ ਅੱਗ ਲੱਗਣ ਕਰਕੇ ਗੰਭੀਰ ਰੂਪ ਨਾਲ ਝੁਲਸ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਹੁਣ ਅੱਗ ਉੱਤੇ ਕਾਬੂ ਪਾ ਲਿਆ ਹੈ ਅਤੇ ਕੁੱਲ 30 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿਚ 22 ਮਰੀਜ਼ ਵੀ ਸ਼ਾਮਲ ਹਨ। ਮਰੀਜ਼ਾਂ ਨੂੰ ਸੁਰੱਖਿਅਤ ਸਥਾਨ ਉੱਤੇ ਭੇਜਿਆ ਗਿਆ ਹੈ। ਇਸ ਪੂਰੀ ਘਟਨਾ ਉੱਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੇਡੀ ਨੇ ਦੁੱਖ ਜਤਾਇਆ ਹੈ ਅਤੇ ਹਾਦਸੇ ਵਿਚ ਮਾਰੇ ਗਏ ਹਰ ਵਿਅਕਤੀ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ ਜਦਕਿ ਜ਼ਖਮੀਆਂ ਨੂੰ ਵਧੀਆ ਇਲਾਜ ਪ੍ਰਦਾਨ ਕਰਵਾਉਣ ਦੀ ਘੋਸ਼ਣਾ ਕੀਤੀ ਹੈ।

LEAVE A REPLY