ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਇਕ ਕੋਰੋਨਾ ਮਰੀਜ਼ ਨੇ ਅੱਜ ਸੇਵੇਰੇ ਪੰਜ ਵਜੇ ਦੇ ਕਰੀਬ ਤੀਜ਼ੀ ਮੰਜਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਲਾਪਰਵਾਹੀ ਵਰਤਣ ਦੇ ਆਰੋਪ ਲਗਾਏ ਅਤੇ ਐਮਰਜੈਂਸੀ ਵਿਭਾਗ ਦੇ ਬਾਹਰ ਮ੍ਰਿਤਕ ਦੇਹ ਨੂੰ ਰੱਖ ਕੇ ਹੰਗਾਮਾ ਕੀਤਾ।

ਜਾਣਕਾਰੀ ਮੁਤਾਬਕ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੁਦਕੀ ਦਾ ਰਹਿਣ ਵਾਲਾ ਮ੍ਰਿਤਕ ਸੰਦੀਪ ਸਿੰਘ(38) ਛਾਤੀ ਵਿਚ ਇੰਨਫੈਕਸ਼ਨ ਦੇ ਚੱਲਦੇ ਫਰੀਦਕੋਟ ਰੈਫਰ ਕੀਤਾ ਗਿਆ ਸੀ ਜਿੱਥੇ ਸ਼ਨੀਵਾਰ ਨੂੰ ਇਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ। ਮ੍ਰਿਤਕ ਦੀ ਪਤਨੀ ਰੰਜੀਤ ਕੌਰ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਕੱਲ੍ਹ ਰਾਤ ਸੱਭ ਕੁੱਝ ਠੀਕ ਸੀ ਅਤੇ ਦੇਰ ਰਾਤ ਸਾਨੂੰ ਸੰਦੀਪ ਦੀ ਹਾਲਤ ਖਰਾਬ ਹੋਣ ਦੀ ਸੂਚਨਾ ਦੇ ਕੇ ਵੈਂਟੀਲੇਟਰ ਉੱਤੇ ਰੱਖਣ ਦੀ ਗੱਲ ਕਹੀ ਗਈ ਅਤੇ ਸਾਡੇ ਤੋਂ ਦਵਾਈ ਵੀ ਮੰਗਵਾਈ ਗਈ ਪਰ ਸਵੇਰੇ 5 ਪੰਜ ਵਜੇ ਕਿਹਾ ਗਿਆ ਕਿ ਉਸ ਨੇ ਤੀਜੀ ਮੰਜਲ ਤੋਂ ਛਾਲ ਮਾਰ ਦਿੱਤੀ ਹੈ ਤੇ ਉਸ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਹੀ ਲਾਪਰਵਾਹੀ ਵਰਤਣ ਅਤੇ ਮਰੀਜ਼ ਨੂੰ ਧੱਕਾ ਦੇਣ ਦੇ ਗੰਭੀਰ ਇਲਜ਼ਾਮ ਲਗਾਏ ਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।

ਉੱਥੇ ਹੀ ਮੌਕੇ ‘ਤੇ ਪਹੁੰਚੇ ਥਾਣਾ ਮੁੱਖੀ ਗੁਰਵਿੰਦਰ ਭੁੱਲਰ ਨੇ ਦੱਸਿਆ ਕਿ ਮਰੀਜ਼ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੇ ਚੱਲਦੇ ਦਾਖਲ ਸੀ ਅਤੇ ਅੱਜ ਉਸ ਦੀ ਸਿਹਤ ਵਿਗੜ ਗਈ ਜਿਸ ਕਰਕੇ ਉਸ ਨੂੰ ਵੈਂਟੀਲੇਟਰ ਉੱਤੇ ਰੱਖਿਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੇ ਤੀਜੀ ਮੰਜਲ ਉੱਤੋਂ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਸਹੀ ਜਾਂਚ ਕਰਕੇ ਇਨ੍ਹਾਂ ਨੂੰ ਸੰਤੁਸ਼ਟ ਕੀਤਾ ਜਾਵੇਗਾ।

LEAVE A REPLY