ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਯੋਗ ਗੁਰੂ ਬਾਬਾ ਰਾਮਦੇਵ ਦੁਆਰਾ ਕੋਰੋਨਾ ਵਾਇਰਸ ਦੀ ਆਯੂਰਵੈਦਿਕ ਦਵਾਈ ‘ਕੋੋਰੋਨਿਲ’ ਬਣਾਉਣ ਦਾ ਦਾਅਵਾ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਦਰਅਸਲ ਹੁਣ ਰਾਮਦੇਵ, ਆਚਾਰਿਆ ਬਾਲਕ੍ਰਿਸ਼ਨ ਅਤੇ ਹੋਰਨਾ ਵਿਰੁੱਧ ਇਸ ਦਵਾਈ ਨੂੰ ਲੈ ਕੇ ਰਾਜਸਥਾਨ ਦੀ ਰਾਜਧਾਨੀ ਜੈਪੂਰ ਦੇ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਜੈਪੂਰ ਦੇ ਏਸੀਪੀ ਨੇ ਦਿੱਤੀ ਹੈ।

ਖਬਰ ਏਜੰਸੀ ਏਐਨਆਈ ਅਨੁਸਾਰ ਏਸੀਪੀ ਅਸ਼ੋਕ ਗੁਪਤਾ ਨੇ ਦੱਸਿਆ ਹੈ ਕਿ ”ਬਿਨਾਂ ਕਿਸੇ ਟ੍ਰਾਇਲ ਦੇ ਕੋਰੋਨਾ ਵਾਇਰਸ ਲਈ ਦਵਾਈ ਤਿਆਰ ਕਰਨ ਦਾ ਦਾਅਵਾ ਕਰਨ ਲਈ ਬਾਬਾ ਰਾਮਦੇਵ ਵਿਰੁੱਧ ਕਈਂ ਸ਼ਿਕਾਇਤਾਂ ਮਿਲੀਆਂ ਸਨ। ਇਸ ਲਈ, ਅਸੀ ਇਕ ਵਕੀਲ ਦੁਆਰਾ ਦਰਜ ਕੀਤੀ ਸ਼ਿਕਾਇਤ ‘ਤੇ ਰਾਮਦੇਵ, ਬਾਲਕ੍ਰਿਸ਼ਨ ਅਤੇ ਹੋਰਨਾ ਵਿਰੁੱਧ ਕੇਸ ਦਰਜ ਕੀਤਾ ਹੈ”। ਉੱਥੇ ਹੀ ਆਯੂਸ਼ ਮੰਤਰਾਲੇ ਦੁਆਰਾ ਇਸ ਦਵਾਈ ਨੂੰ ਲੈ ਕੇ ਇਤਰਾਜ਼ ਜ਼ਾਹਰ ਕਰਨ ਤੋਂ ਬਾਅਦ ਸੱਭ ਤੋਂ ਪਹਿਲਾਂ ਰਾਜਸਥਾਨ ਵਿਚ ਕੋਰੋਨਿਲ ਦੀ ਵਿਕਰੀ ਉੱਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਰਾਜਸਥਾਨ ਸਰਕਾਰ ਨੇ ਬਿਨਾ ਇਜ਼ਾਜਤ ਦਵਾਈ ਵੇਚਣ ‘ਤੇ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਸੀ। ਦੱਸ ਦਈਏ ਕਿ ਆਯੂਸ਼ ਮੰਤਰਾਲੇ ਨੇ ਇਸ ਦਵਾਈ ਨੂੰ ਲੈ ਕੇ ਪਤੰਜਲੀ ਨੂੰ ਨੋਟਿਸ ਭੇਜਿਆ ਸੀ। ਮੰਤਰਾਲੇ ਨੇ ਕਿਹਾ ਸੀ ਕਿ ਕੋਈ ਵੀ ਫਾਰਮੇਸੀ ਆਈਸੀਐਮਆਰ ਸਰਟੀਫਿਕੇਟ ਤੋਂ ਬਿਨਾਂ ਅਜਿਹਾ ਦਾਅਵਾ ਕਿਵੇਂ ਕਰ ਸਕਦੀ ਹੈ। ਉੱਥੇ ਹੀ ਆਯੂਸ਼ ਮੰਤਰੀ ਨੇ ਕਿਹਾ ਸੀ ਕਿ ”ਇਹ ਚੰਗੀ ਗੱਲ ਹੈ ਕਿ ਬਾਬਾ ਰਾਮਦੇਵ ਨੇ ਦੇਸ਼ ਨੂੰ ਨਵੀਂ ਦਵਾਈ ਦਿੱਤੀ ਹੈ ਪਰ ਨਿਯਮਾਂ ਅਨੁਸਾਰ ਦਵਾਈ ਪਹਿਲਾਂ ਆਯੂਸ਼ ਮੰਤਰਾਲੇ ਨੂੰ ਜਾਂਚ ਲਈ ਦੇਣੀ ਹੋਵੇਗੀ”। ਇਸ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਨੇ ਵੀ ਬਿਨਾਂ ਜਾਂਚ ਤੋਂ ਇਸ ਦਵਾਈ ਦੀ ਵਿਕਰੀ ਉੱਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਹ ਦਵਾਈ ਜੈਪੂਰ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ(ਐਨਆਈਐਮਐਸ) ਨਾਲ ਮਿਲ ਕੇ ਬਣਾਈ ਹੈ ਜਿਸ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਐਨਆਈਐਮਐਸ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਹੈ।

LEAVE A REPLY