ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਈ ਸਮਾਂ ਸੀ ਜਦੋਂ ਬੱਚੇ ਛੁੱਟੀਆਂ ਦੌਰਾਨ ਜਾਂ ਵਿਹਲੇ ਸਮੇਂ ਰਲ-ਮਿਲ ਕੇ ਗਰਾਊਂਡਾ ਅਤੇ ਖੁੱਲ੍ਹੀ ਥਾਵਾਂ ਉੱਤੇ ਰਵਾਇਤੀ ਖੇਡਾਂ ਖੇਡਿਆਂ ਕਰਦੇ ਸਨ ਪਰ ਹੁਣ ਸਮਾਂ ਬਦਲ ਚੁੱਕਿਆ ਹੈ। ਇਨ੍ਹਾਂ ਰਵਾਇਤੀ ਖੇਡਾਂ ਦੀ ਥਾਂ ਬਹੁਤ ਹੱਦ ਤੱਕ ਮੋਬਾਇਲ ਗੇਮਾਂ ਨੇ ਲੈ ਲਈ ਹੈ ਜੋ ਕਿ ਬੱਚਿਆਂ ਦੇ ਦਿਮਾਗ ਉੱਤੇ ਬੁਰਾ ਅਸਰ ਪਾਉਣ ਦੇ ਨਾਲ-ਨਾਲ ਜਾਨਲੇਵਾ ਅਤੇ ਪੈਸੇ ਦੀ ਬਰਬਾਦੀ ਦਾ ਕਾਰਨ ਵੀ ਬਣ ਰਹੀਆਂ ਹਨ ਅਜਿਹਾ ਹੀ ਇਕ ਮਾਮਲਾ ਮੁਹਾਲੀ ਅਧੀਨ ਪੈਂਦੇ ਖਰੜ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 17 ਸਾਲਾਂ ਲੜਕੇ ਨੇ ਆਪਣਾ ਮਾਤਾ-ਪਿਤਾ ਦੁਆਰਾ ਜਮ੍ਹਾ ਕੀਤੀ ਪੂਰੀ ਜ਼ਿੰਦਗੀ ਦੀ ਪੂੰਜੀ ਨੂੰ ਪਬਜੀ(PUBG) ਗੇਮ ਵਿਚ ਵਰਚੁਅਲ ਹਥਿਆਰਾਂ ਨੂੰ ਖਰੀਦਣ ਵਿਚ ਉਡਾ ਦਿੱਤਾ ਹੈ।

ਜੇਕਰ ਤੁਹਾਡੇ ਬੱਚੇ ਵੀ ਖੇਡਦੇ ਨੇ PUBG ਤਾਂ ਇਹ ਖਬਰ ਵੇਖਣੀ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਹੈ !

ਜੇਕਰ ਤੁਹਾਡੇ ਬੱਚੇ ਵੀ ਖੇਡਦੇ ਨੇ PUBG ਤਾਂ ਇਹ ਖਬਰ ਵੇਖਣੀ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਹੈ !#PUBG #Game #Parents #ImportantNews

Posted by Living India News on Friday, July 3, 2020

ਦਰਅਸਲ ਲਾਕਡਾਊਨ ਦੌਰਾਨ ਘਰ ਵਿਹਲੇ ਬੈਠੇ 17 ਸਾਲਾਂ ਲੜਕੇ ਨੂੰ ਪਬਜੀ ਗੇਮ ਖੇਡਣ ਦਾ ਅਜਿਹਾ ਸ਼ੌਕ ਪਿਆ ਕਿ ਉਹ ਇਸ ਗੇਮ ਦਾ ਆਦੀ ਬਣ ਗਿਆ। ਇੰਨਾ ਹੀ ਨਹੀਂ ਉਸਨੇ ਗੇਮ ਵਿਚ ਵਰਚੁਅਲ ਹਥਿਆਰ ਲਈ ਮਾਤਾ-ਪਿਤਾ ਦੁਆਰਾ ਬੈਂਕ ਵਿਚ ਜਮ੍ਹਾ ਕੀਤੇ ਪੈਸਿਆਂ ਨੂੰ ਉਡਾਉਣਾ ਸ਼ੁਰੂ ਕਰ ਦਿੱਤਾ ਪਰ ਮਾਪੇ ਇਸ ਗੱਲ ਤੋਂ ਬੇਖਬਰ ਸਨ ਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਦੀ ਪੂਰੀ ਉੱਮਰ ਦੀ ਇੱਕਠੀ ਕੀਤੀ ਪੂੰਜੀ ਨੂੰ ਇਕ ਗੇਮ ਖੇਡਣ ਲਈ ਢਾਹ ਲਗਾਉਣ ਜਾ ਰਿਹਾ ਹੈ। ਇਹ ਲੜਕਾ ਹਰ ਦਿਨ ਗੇਮ ਵਿਚ ਵਰਚੁਅਲ ਹਥਿਆਰ ਦੀ ਖਰੀਦ ਲਈ ਹਜ਼ਾਰਾਂ ਰੁਪਏ ਉਡਾਉਣ ਲੱਗ ਗਿਆ ਅਤੇ ਵੇਖਦੇ ਹੀ ਵੇਖਦੇ ਉਸ ਨੂੰ ਦੋ ਬੈਂਕ ਅਕਾਊਂਟਾਂ ਵਿਚ ਮਾਪਿਆਂ ਦੁਆਰਾ ਜੋੜੇ 16 ਲੱਖ ਰੁਪਏ ਉਡਾ ਦਿੱਤੇ।

ਬੱਚੇ ਦੇ ਪਿਤਾ ਨੇ ਦੱਸਿਆ ਹੈ ਕਿ ਉਸਨੂੰ ਲਾਕਡਾਊਨ ਦੌਰਾਨ ਇਕ ਮਹੀਨਾ ਆਪਣੇ ਮਹਿਕਮੇ ਵਿਚ ਰਹਿਣਾ ਪਿਆ ਸੀ ਅਤੇ ਇਸੇ ਦੌਰਾਨ ਬਿੱਲ ਆਦਿ ਭਰਨ ਲਈ ਉਸ ਨੇ ਆਪਣੇ ਬੈਂਕ ਅਕਾਊਂਟ ਦੀ ਸਾਰੀ ਜਾਣਕਾਰੀ ਆਪਣੇ ਬੱਚੇ ਨੂੰ ਦਿੱਤੀ ਜਿਸ ਦਾ ਉਸ(ਬੱਚੇ) ਨੇ ਨਜਾਇਜ਼ ਫਾਇਦਾ ਉਠਾਇਆ। ਲੜਕੇ ਦੇ ਪਿਤਾ ਮੁਤਾਬਕ ਅਕਾਊਂਟ ‘ਚੋਂ ਸਾਰੇ ਪੈਸੇ ਉੱਡਣ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਹ ਬੈਂਕ ਵਿਚ ਸਟੇਟਮੈਂਟ ਕਢਵਾਉਣ ਲਈ ਗਿਆ ਹੈ ਅਤੇ ਉੱਥੇ ਬੈਂਕ ਕਰਮੀਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਖਾਤੇ ਵਿਚ 13 ਲੱਖ ਰੁਪਏ ‘ਚੋਂ ਕੇਵਲ 12 ਹਜ਼ਾਰ ਰੁਪਏ ਹੋਣ ਦੀ ਜਾਣਕਾਰੀ ਦਿੱਤੀ। ਇਹ ਸੁਣ ਕੇ ਲੜਕੇ ਦੇ ਪਿਤਾਂ ਦੇ ਪੈਰਾਂ ਹੇਠਿਓ ਜ਼ਮੀਨ ਖਿਸਕ ਗਈ। ਲੜਕੇ ਦੇ ਪਿਤਾ ਸਮਝ ਗਿਆ ਸੀ ਕਿ ਉਸਦੇ ਲੜਕੇ ਨੇ ਹੀ ਇਹ ਪੈਸੇ ਉਡਾਏ ਹਨ ਅਤੇ ਜਦੋਂ ਉਸਨੇ ਆਪਣੇ ਲੜਕੇ ਨੂੰ ਫੋਨ ਕਰਕੇ ਪੈਸਿਆਂ ਦੀ ਜਾਣਕਾਰੀ ਮੰਗੀ ਤਾਂ ਬੱਚੇ ਨੇ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਉਸਨੇ ਹੀ ਇਨ੍ਹਾਂ ਪੈਸਿਆਂ ਨੂੰ ਗੇਮ ਖੇਡਣ ਲਈ ਉਡਾਇਆ ਹੈ। ਇੰਨਾ ਹੀ ਨਹੀਂ ਲੜਕੇ ਦੇ ਪਿਤਾ ਨੇ ਜਦੋਂ ਉਸਨੂੰ ਇਕ ਹੋਰ ਅਕਾਊਂਟ ‘ਚ ਜਮ੍ਹਾ ਸਾਢੇ ਤਿੰਨ ਲੱਖ ਰੁਪਏ ਬਾਰੇ ਪੁੱਛਿਆ ਤਾਂ ਉਸ ਦੇ ਲੜਕੇ ਨੇ ਕਿਹਾ ਕਿ ਇਹ ਪੈਸੇ ਵੀ ਉਸਨੇ ਪਬਜੀ ਗੇਮ ਵਿਚ ਹਥਿਆਰ ਖਰੀਦਣ ਲਈ ਖਰਚ ਦਿੱਤੇ ਹਨ। ਇਹ ਸੁਣ ਕੇ ਲੜਕੇ ਦਾ ਪਿਤਾ ਹੱਕਾ-ਬੱਕਾ ਰਹਿ ਗਿਆ ਕਿਉਂਕਿ ਉਸ ਦੀ ਪੂਰੀ ਜ਼ਿੰਦਗੀ ਦੀ ਜੋੜੀ ਪੂੰਜੀ ਇਕ ਝਟਕੇ ਵਿਚ ਖਤਮ ਹੋ ਗਈ ਸੀ। ਖੈਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਹੁਣ ਤੱਕ ਕਾਫੀ ਦੇਰ ਹੋ ਚੁੱਕੀ ਸੀ।

ਇਹ ਖਬਰ ਉਨ੍ਹਾਂ ਮਾਪਿਆਂ ਲਈ ਵੀ ਇਕ ਸਬਕ ਹੈ ਜੋ ਆਪਣੇ ਬੱਚਿਆਂ ਦੇ ਸਮਾਰਟ ਫੋਨਾਂ ਨੂੰ ਕਦੇਂ ਚੈੱਕ ਨਹੀਂ ਕਰਦੇ। ਇਹ ਕਹਿਣ ਦਾ ਭਾਵ ਬੱਚਿਆ ਉੱਤੇ ਸਖ਼ਤੀ ਕਰਨਾ ਨਹੀਂ ਹੈ ਬਲਕਿ ਉਨ੍ਹਾਂ ਉੱਤੇ ਤਿੱਖੀ ਨਜ਼ਰ ਰੱਖਣਾ ਹੈ ਤਾਂ ਜੋ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਰਹੇ ਕਿ ਤੁਹਾਡਾ ਬੱਚਾ ਮੋਬਾਇਲ ਫੋਨ ਵਿਚ ਕੀ ਵੇਖ ਰਿਹਾ ਹੈ ਅਤੇ ਕੀ ਖੇਡ ਰਿਹਾ ਹੈ।

LEAVE A REPLY