ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇੱਕ ਪਾਸੇ ਜਿੱਥੇ ਪੂਰੇ ਪੰਜਾਬ ਵਿਚ ਕੋਰੋਨਾ ਦੇ ਮੱਦੇਨਜ਼ਰ ਕਰਫਿਊ ਲਗਾਇਆ ਗਿਆ ਹੈ ਅਤੇ ਪ੍ਰਸ਼ਾਸਨ ਦੁਆਰਾ ਸਖਤ ਬੰਦੋਬਸਤ ਕੀਤੇ ਗਏ ਹਨ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚੋਂ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਇੱਥੇ ਬੀਤੀ ਰਾਤ ਚਾਰ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਹਨ।

ਜਾਣਕਾਰੀ ਮੁਤਾਬਕ ਰਾਤ 1 ਵਜੇ ਦੇ ਕਰੀਬ ਚਾਰੋ ਕੈਦੀ ਕੰਬਲ ਦੀ ਰੱਸੀ ਬਣਾ ਕੇ ਕੰਧ ਟੱਪ ਫਰਾਰ ਹੋਏ ਹਨ। ਚਾਰਾਂ ਕੈਦੀਆਂ ਦੇ ਨਾਮ ਰਵੀ ਕੁਮਾਰ,ਅਮਨ ਕੁਮਾਰ, ਅਰਸ਼ਦੀਪ ਸਿੰਘ ਸੀਪਾ ਅਤੇ ਸੂਰਜ ਕੁਮਾਰ ਹਨ ਜੋ ਕਿ ਵੱਖ-ਵੱਖ ਮਾਮਲਿਆਂ ਅਧੀਨ ਜੇਲ੍ਹ ਵਿਚ ਬੰਦ ਸਨ। ਚਾਰਾਂ ਕੈਦੀਆਂ ਦੇ ਜੇਲ੍ਹ ਬੈਰਕ ਦੇ ਤਾਲੇ ਟੁੱਟੇ ਹੋਏ ਪਾਏ ਗਏ ਹਨ। ਇੰਨਾ ਹੀ ਨਹੀਂ ਬਲਕਿ ਇਨ੍ਹਾਂ ਵਿਚੋਂ ਦੋ ਕੈਦੀ ਤਾਂ ਪਹਿਲਾਂ ਵੀ ਪੇਸ਼ੀ ਦੌਰਾਨ ਫਰਾਰ ਹੋ ਚੁੱਕੇ ਹਨ।

ਉੱਥੇ ਹੀ ਇਸ ਪੂਰੀ ਘਟਨਾ ਉੱਤੇ ਪੁਲਿਸ ਦਾ ਕਹਿਣ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੈਦੀਆਂ ਨੂੰ ਲੱਭਣ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਜੇਲ੍ਹ ਵਿਚ ਸੁਰੱਖਿਆ ਦੇ ਮੱਦੇਨਜ਼ਰ ਸੀਆਰਪੀਐਫ ਦੀ ਤਾਇਨਾਤੀ ਵੀ ਕੀਤੀ ਗਈ ਹੈ ਪਰ ਫਿਰ ਵੀ ਕੈਦੀਆਂ ਦਾ ਇਸ ਤਰ੍ਹਾ ਫਰਾਰ ਹੋ ਜਾਣਾ ਜੇਲ੍ਹ ਪ੍ਰਸ਼ਾਸਨ ਉੱਤੇ ਕਈ ਤਰ੍ਹਾ ਦੇ ਸਵਾਲ ਖੜ੍ਹੇ ਕਰਦਾ ਹੈ।

LEAVE A REPLY