ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 500 ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਪੰਜਾਬ ਵਿਚ ਵੀ 29 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਇਸ ਮਹਾਮਾਰੀ ਤੋਂ ਬਚਣ ਲਈ ਹਰ ਸਿੱਖ ਨੂੰ ਪ੍ਰਮਾਤਮਾ ਦਾ ਨਾਮ ਜੱਪਣਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਹੈ ਕਿ ਪੂਰੀ ਦੁਨੀਆ ਵਿਚ ਸਿੱਖ ਭਾਈਚਾਰਾ ਵੱਸਦਾ ਹੈ ਜਿਸ ਕਰਕੇ ਉਸ ਨੂੰ ਦੁਨੀਆ ਵਿਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਸਬੰਧੀ ਸੂਚੇਤ ਹੋਣਾ ਚਾਹੀਦਾ ਹੈ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜੱਥੇਦਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਚਰਚਾ ਕਰਨ ਦੀ ਥਾਂ ਪ੍ਰਮਾਤਾਮ ਦਾ ਨਾਮ ਲੈਣ ਚਾਹੀਦਾ ਹੈ। ਉਨ੍ਹਾਂ ਅੱਗੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਸਵੇਰੇ 10 ਵਜੇ ਤੱਕ ਜਪੁ ਜੀ ਸਾਹਿਬ,ਸੁਖਮਨੀ ਸਾਹਿਬ ਦਾ ਪਾਠ ਜਾਂ ਫਿਰ ਮੂਲਮੰਤਰ ਦਾ ਜਾਪ ਕਰਨ ਅਤੇ ਸਾਢੇ 10 ਵਜੇ ਇਸ ਬੀਮਾਰੀ ਤੋਂ ਸੰਸਾਰ ਨੂੰ ਬਚਾਉਣ ਲਈ ਅਰਦਾਸ ਕਰਨ ਅਤੇ ਇਸੇ ਤਰ੍ਹਾ ਸ਼ਾਮ ਪੰਜ ਵਜੇ ਫਿਰ ਗੁਰਬਾਣੀ ਦਾ ਪਾਠ ਕਰਨ ਅਤੇ ਫਿਰ ਸਾਢੇ ਪੰਜ ਵਜੇ ਤੱਕ ਸਰਬੱਤ ਦੇ ਭਲੇ ਦੀ ਅਰਦਾਸ ਕਰਨ। ਜੱਥੇਦਾਰ ਨੇ ਅੱਗੇ ਕਿਹਾ ਇਸ ਬੀਮਾਰੀ ਤੋਂ ਬਚਣ ਲਈ ਸਰੀਰਕ ਤੌਰ ਉੱਤੇ ਇਕ-ਦੂਜੇ ਤੋਂ ਦੂਰ ਰਹਿਣਾ ਚਾਹੀਦਾ ਹੈ ਪਰ ਸਮਾਜਿਕ ਤੌਰ ਉੱਤੇ ਏਕਤਾ ਬਣਾਈ ਰੱਖਣੀ ਹੈ ਅਤੇ ਕੋਰੋਨਾ ਵਾਇਰਸ ਤੋਂ ਕਿਸੇ ਨੂੰ ਡਰਾਉਣਾ ਜਾ ਡਰਨਾ ਨਹੀਂ ਹੈ ਬਲਕਿ ਲੜਨਾ ਹੈ।

LEAVE A REPLY