ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪੰਜਾਬ ਵਿਚ ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਨੇ ਬੀਤੇ ਸੋਮਵਾਰ ਨੂੰ ਕਰਫਿਊ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਸਾਰੇ ਜਿਲ੍ਹਿਆਂ ਦੇ ਪ੍ਰਸ਼ਾਸਨ ਦੁਆਰਾ ਦੁਕਾਨਾਂ ਅਤੇ ਬਜਾਰ ਬੰਦ ਕਰਵਾ ਦਿੱਤੇ ਗਏ ਸਨ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਸੀ ਹਾਲਾਂਕਿ ਅੱਜ ਬੁੱਧਵਾਰ ਨੂੰ ਵੀ ਸੰਗਰੂਰ ਜਿਲ੍ਹੇ ਵਿਚ ਕਰਫਿਊ ਦੌਰਾਨ ਥੋੜੀ ਢਿੱਲ ਦਿੱਤੀ ਗਈ ਹੈ ਅਤੇ ਕੁੱਝ ਸਮੇਂ ਲਈ ਮੈਡੀਕਲ ਅਤੇ ਰਾਸ਼ਨ ਆਦਿ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਉੱਥੇ ਹੀ ਨਵਾਂਸ਼ਹਿਰ ਵਿਚ ਕਰਫਿਊ ਦੌਰਾਨ ਹੋਮ ਡਿਲਵਰੀ ਕਰਨਾ ਦਾ ਫ਼ੈਸਲਾ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸੰਗਰੂਰ ਦੇ ਧੂਰੀ ਵਿਚ ਕਰਫਿਊ ਦੌਰਾਨ ਇਕ ਘੰਟੇ ਦੀ ਢਿੱਲ ਦਿੱਤੀ ਗਈ ਅਤੇ ਬਜਾਰਾਂ ਵਿਚ ਕੁਝ-ਕੁ ਹੀ ਮੈਡੀਕਲ ਸਟੋਰ ਅਤੇ ਰਾਸ਼ਨ ਦੀਆਂ ਦੁਕਾਨਾਂ ਨੂੰ ਖੋਲਣ ਦਿੱਤਾ ਗਿਆ ਜਿਸ ਦੌਰਾਨ ਲੋਕਾਂ ਦੀਆ ਮੈਡੀਕਲ ਅਤੇ ਰਾਸ਼ਨ ਦੀਆਂ ਦੁਕਾਨਾਂ ਅੱਗੇ ਲੰਬੀਆਂ-ਲੰਬੀਆਂ ਲਾਇਨਾਂ ਵੇਖਣ ਨੂੰ ਮਿਲੀਆਂ ਹਨ। ਹਾਲਾਂਕਿ ਇਸ ਦੌਰਾਨ ਉੱਥੇ ਬਿਨਾ ਮਤਲਬ ਤੋਂ ਖੜ੍ਹੇ ਲੋਕਾਂ ਉੱਤੇ ਪੁਲਿਸ ਵੱਲੋਂ ਹਲਕੀ ਡੰਡਾ ਪਰੇਡ ਵੀ ਕੀਤੀ ਗਈ ਹੈ ਨਾਲ ਹੀ ਫਾਲਤੂ ਦੁਕਾਨਾਂ ਨੂੰ ਬੰਦ ਵੀ ਕਰਵਾਇਆ ਗਿਆ ਹੈ।

ਉੱਥੇ ਹੀ ਨਵਾਂਸ਼ਹਿਰ ਦੇ ਜਿਲ੍ਹਾ ਪ੍ਰਸ਼ਾਸਨ ਦੁਆਰਾ ਇਕ ਮੀਟਿੰਗ ਕਰਕੇ ਕਰਫਿਊ ਦੌਰਾਨ ਦਵਾਈਆਂ, ਸੁੱਕੇ ਰਾਸ਼ਨ ਅਤੇ ਸਬਜ਼ੀਆਂ ਦੀ ਹੋਮ ਡਿਲਵਰੀ ਸ਼ੁਰੂ ਕਰਵਾਉਣ ਦਾ ਫੈਸਲਾ ਕੀਤਾ ਹੈ। ਸ਼ਹਿਰ ਵਿਚ ਰਾਸ਼ਨ ਦੀਆਂ ਗੱਡੀਆਂ ਸਵੇਰੇ 11 ਵਜੇ ਤੋਂ ਵੱਖ-ਵੱਖ ਮੁਹੱਲਿਆ ਵਿਚ ਆਨਊਸਮੈਂਟ ਕਰਵਾ ਕੇ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਉਣਗੀਆਂ ਅਤੇ ਫਲਾਂ-ਸਬਜ਼ੀਆਂ ਨੂੰ ਘਰਾਂ ਤੱਕ ਪਹੁੰਚਾਉਣ ਲਈ 8 ਤੋਂ 10 ਰੇਹੜੀ ਠੇਲੇ ਪਹੁੰਚਾਏ ਜਾਣਗੇ। ਦੱਸ ਦਈਏ ਕਿ ਨਵਾਂਸ਼ਹਿਰ ਵਿਚ ਹੀ ਕੋਰੋਨਾ ਵਾਇਰਸ ਦੇ ਸੱਭ ਤੋਂ ਜਿਆਦਾ 18 ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਕੋਰੋਨਾ ਪੀੜਤ ਬਲਦੇਵ ਸਿੰਘ ਨਾਮ ਦੇ 70 ਸਾਲਾਂ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ।

LEAVE A REPLY