ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   15 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਫਾਸਟੈਗ ਪਹਿਲਾਂ  ਤੋਂ ਹੀ ਲੋਕਾਂ ਲਈ ਸਿਰਦਰਦ ਬਣਿਆ ਹੋਇਆ ਹੈ। ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਇਵੇ ਨੰਬਰ 7 ‘ਤੇ ਸਥਿਤ ਟੋਲ ਪਲਾਜਾ ਤੋਂ ਘਰ ‘ਚ ਖੜੀ ਗੱਡੀ ਦਾ ਵੀ ਫਾਸਟੈਗ ਰਾਹੀ ਟੋਲ ਟੈਕਸ ਕੱਟ ਲਿਆ। ਇਸ ਬਾਰੇ ਜਦੋਂ ਸ਼ਿਕਾਇਤ ਕੀਤੀ ਗਈ ਤਾਂ ਟੋਲ ਟੈਕਸ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਹਵਾਲਾ ਦਿੰਦਿਆਂ ਪੱਲਾ ਝਾੜਦੇ ਨਜ਼ਰ ਆਏ ਹਨ, ਜਿਸ ਨੂੰ ਲੈਕੇ ਲੋਕਾਂ ‘ਚ ਗੁੱਸਾ ਵੇਖਣ ਨੂੰ ਮਿਲਿਆ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਆਂ ਪੀੜਿਤ ਅਧਿਆਪਕ ਹਰਿੰਦਰ ਕੁਮਾਰ ਨੇ ਦੱਸਿਆ ਕਿ, ਉਹ ਆਪਣੀ ਕਾਰ ਤੋਂ 27 ਨਵੰਬਰ ਨੂੰ  ਸੰਗਰੂਰ ਜਾ ਰਿਹਾ ਸੀ ਅਤੇ 15 ਦਸੰਬਰ ਤੋਂ ਫਾਸਟੈਗ ਜਰੂਰੀ ਹੋਣ ਚਲਦਿਆਂ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਇਵੇ ਤੇ ਸਥਿਤ ਟੋਲ ਪਲਾਜਾ ਤੋਂ ਉਨ੍ਹਾਂ ਨੇ ਫਾਸਟੈਗ ਪੇਟੀਐਮ ਰਾਹੀ ਟੈਕਸ ਅਦਾ ਕੀਤਾ ਤਾਂ ਜੋ ਉਨ੍ਹਾਂ ਨੂੰ ਆਸਾਨੀ ਹੋ ਸਕੇ ਪਰ ਇਹ ਫਾਸਟੈਗ ਉਨ੍ਹਾਂ ਦੀ ਜੇਬ ਖਾਲੀ ਕਰਨ ਦਾ ਮਾਧਿਅਮ ਬਣ ਗਿਆ। ਉਨ੍ਹਾਂ ਦੱਸਿਆ ਕਿ, ਫਾਸਟੈਗ ਖਰੀਦਣ ਤੋਂ ਬਾਅਦ ਜਦੋਂ ਉਹ ਵਾਪਿਸ ਬਠਿੰਡੇ ਤੋਂ ਪਰਤ ਰਹੇ ਸੀ ਤਾਂ ਉਨ੍ਹਾਂ ਦੇ ਈ-ਵਾਲੇਟ ਤੋਂ 85 ਰੁਪਏ ਕੱਟ ਲਏ ਗਏ। ਇਸ ਤਰ੍ਹਾਂ ਇੱਕ ਦਿਨ ਦਾ ਉਨ੍ਹਾਂ ਦਾ ਆਉਂਣ-ਜਾਉਂਣ ਦਾ ਖਰਚ 170 ਰੁਪਏ ਕੱਟ ਲਏ ਗਏ, ਜਦੋਂ ਕਿ ਇੱਕ ਦਿਨ ਦਾ ਟੋਲ ਟੈਕਸ 125 ਰੁਪਏ ਬਣਦਾ ਹੈ।

ਇਸ ਦੀ ਸ਼ਿਕਾਇਤ ਕਰਨ ਲਈ ਉਨ੍ਹਾਂ NHAI ਦੇ ਕਸਟਮਰ ਕੇਅਰ ਨੰਬਰ ‘ਤੇ ਫੋਨ ਵੀ ਲਾਇਆ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਜਿਸ ਤੋਂ ਬਾਅਦ ਉਨ੍ਹਾਂ ਇੱਕ ਹੈਲਪਲਾਇਨ ਨੰਬਰ ਤੇ ਵੀ ਇਸ ਦੀ ਸ਼ਿਕਾਇਤ ਦਰਜ ਕਰਾਈ, ਜਿਸ ਤੋਂ ਵੀ ਕੋਈ ਲਾਭ ਨਹੀਂ ਹੋਇਆ। ਇਹ ਸਾਰਾ ਮਾਮਲਾ ਟੋਲ ਪਲਾਜਾ ਵਲੋਂ ਕੀਤੀ ਧੋਖਾਧੜੀ ਦਾਸਤਾਨ ਬਿਆਨ ਕਰ ਰਿਹਾ ਹੈ।

ਉੱਥੇ ਹੀ ਇਸ ਮਾਮਲੇ ਬਾਰੇ ਗੱਡੀ ਚਾਲਕ ਬਲਵੰਤ ਸਿੰਘ ਨੇ ਦੱਸਿਆ ਕਿ, ਫਾਸਟੈਗ ਦੇ ਨਾਮ ‘ਤੇ  ਆਮ ਆਦਮੀ ਤੋਂ ਲੁੱਟ ਕੀਤੀ ਜਾ ਰਹੀ ਹੈ ਅਤੇ ਸ਼ਰੇਆਮ ਟੋਲ ਟੈਕਸ ‘ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ।  ਟੋਲ ਪਲਾਜ਼ਾ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਡਰਾਉਣ ਲਈ ਬਾਉਂਸਰ ਰੱਖੇ ਹੋਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਟੋਲ ਪਲਾਜਾ ਤੇ ਸ਼ਿਕਾਇਤ ਦਰਜ ਕਰਨ ਲਈ ਤੈਨਾਤ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ, ਪੰਜਾਬ ‘ਚ NHAI ਰਾਹੀਂ ਕੋਈ ਅਜਿਹਾ ਅਧਿਕਾਰੀ ਨਹੀਂ ਤੈਨਾਤ ਕੀਤਾ ਗਿਆ ਹੈ, ਜੋ ਇਸ ਤਰ੍ਹਾਂ ਦੀ ਧੋਖਾਧੜੀ ਦੀ ਸ਼ਿਕਾਇਤ ਦਰਜ ਕਰ ਸਕੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ, ਇਸ ਟੋਲ ਪਲਾਜਾ ‘ਤੇ ਇਸ ਤਰ੍ਹਾਂ ਦੀ ਧੋਖਾਧੜੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿਲ੍ਹਾ ਬਰਨਾਲਾ ਦੇ ਕਿਸੇ ਵੀ ਅਧਿਕਾਰੀ ਨੂੰ ਅਜਿਹੀ ਸ਼ਿਕਾਇਤ ਦਰਜ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।

ਉੱਥੇ ਹੀ ਇਸ ਪੂਰੇ ਮਾਮਲੇ ‘ਤੇ ਟੋਲ ਪਲਾਜ਼ਾ ਪ੍ਰਬੰਧਕ ਰਜਨੀਕਾਂਤ ਸਿਨਹਾ ਨੇ ਇਸ ਮਾਮਲੇ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ, ਇੱਕ ਦਿਨ ਪਹਿਲਾਂ ਹੀ ਉਨ੍ਹਾਂ ਇਸ ਟੋਲ ਪਲਾਜਾ ਦਾ ਚਾਰਜ ਲਿਆ ਹੈ।

ਇਸ ਮਾਮਲੇ ਬਾਰੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ, ਉਹ ਪੂਰੇ ਮਾਮਲੇ ਦੀ ਪੜਤਾਲ ਕਰਨਗੇ। ਉਨ੍ਹਾਂ ਕਿਹਾ ਕਿ, ਅਜਿਹਾ ਨਹੀਂ ਹੋਣਾ ਚਾਹੀਦਾ ਸੀ ਜਾਂ ਹੋ ਸਕਦਾ ਹੈ ਕਿ ਕਿਸੇ ਤਕਨੀਕੀ ਨੁਕਸ ਕਾਰਨ ਪੀੜਿਤ ਦੇ ਪੈਸੇ ਵਿੱਚ ਵਧੇਰੇ ਕਟੌਤੀ ਕੀਤੀ ਗਈ ਹੈ ਅਤੇ ਇਸ ਸਬੰਧ ਵਿੱਚ ਉਹ ਐਨਐਚਏਆਈ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਟੋਲ ਪਲਾਜ਼ਾ ‘ਤੇ ਸ਼ਿਕਾਇਤ ਕੇਂਦਰ ਬਣਾਉਣ ਲਈ ਵੀ ਕਹਿਣਗੇ।

 

LEAVE A REPLY